ਪੱਤਰ ਪ੍ਰੇਰਕ
ਪਠਾਨਕੋਟ, 3 ਜਨਵਰੀ
ਸੀਆਈਏ ਸਟਾਫ ਪਠਾਨਕੋਟ ਦੀ ਪੁਲੀਸ ਨੇ ਜੰਮੂ-ਕਸ਼ਮੀਰ ਦੀ ਤਰਫੋਂ ਆ ਰਹੇ ਸੇਬਾਂ ਦੇ ਇੱਕ ਟਰੱਕ ਵਿੱਚੋਂ ਲੁਕਾ ਕੇ ਲਿਆਂਦੀਆਂ ਜਾ ਰਹੀਆਂ ਭੁੱਕੀ ਦੀਆਂ 24 ਬੋਰੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮਾਂ ਦੀ ਸ਼ਨਾਖਤ ਡਰਾਈਵਰ ਸਰਬਜੀਤ ਸਿੰਘ ਉਰਫ ਸਾਬਾ ਵਾਸੀ ਹੈਬੋਵਾਲ ਜ਼ਿਲ੍ਹਾ ਲੁਧਿਆਣਾ ਅਤੇ ਸਰਬਜੀਤ ਉਰਫ ਸਾਬੀ ਵਾਸੀ ਪਿੰਡ ਕੁਟਾਲਾ ਜ਼ਿਲ੍ਹਾ ਲੁਧਿਆਣਾ ਵੱਜੋਂ ਹੋਈ ਹੈ ਅਤੇ ਦੋਹਾਂ ਖਿਲਾਫ ਸੁਜਾਨਪੁਰ ਪੁਲੀਸ ਸਟੇਸ਼ਨ ਅੰਦਰ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸੀਆਈਏ ਸਟਾਫ ਦੇ ਇੰਚਾਰਜ ਸੁਦੇਸ਼ ਕੁਮਾਰ ਇੰਸਪੈਕਟਰ ਨੇ ਖੁਫੀਆ ਸੂਹ ਦੇ ਆਧਾਰ ’ਤੇ ਮਾਧੋਪੁਰ ਵਿੱਚ ਕੋਰਲ ਹੋਟਲ ਕੋਲ ਨਾਕਾ ਲਗਾਇਆ ਹੋਇਆ ਸੀ ਤਾਂ ਜੰਮੂ-ਕਸ਼ਮੀਰ ਦੀ ਤਰਫੋਂ ਇੱਕ ਸੇਬਾਂ ਦਾ ਟਰੱਕ ਪੀਬੀ 13 ਜ਼ੈੱਡ-8098 ਜਦੋਂ ਪੰਜਾਬ ਦੀ ਹੱਦ ਅੰਦਰ ਦਾਖਲ ਹੋਇਆ ਤਾਂ ਪੁਲੀਸ ਪਾਰਟੀ ਨੇ ਰੋਕ ਕੇ ਟਰੱਕ ਦੀ ਪੂਰੀ ਡੂੰਘਾਈ ਨਾਲ ਚੈਕਿੰਗ ਕੀਤੀ ਤਾਂ ਸੇਬਾਂ ਵਾਲੀਆਂ ਪੇਟੀਆਂ ਦੇ ਪਿਛਲੇ ਪਾਸੇ 24 ਬੋਰੀਆਂ ਵਜ਼ਨ 6 ਕੁਇੰਟਲ ਭੁੱਕੀ ਬਰਾਮਦ ਹੋਈ। ਡੀਐੱਸਪੀ ਰਵਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਟਰੱਕ ਅਤੇ ਭੁੱਕੀ ਨੂੰ ਕਬਜ਼ੇ ਵਿੱਚ ਲੈ ਕੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।