ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 10 ਸਤੰਬਰ
ਇਸ ਬਲਾਕ ਦੇ ਛੇ ਪਿੰਡਾਂ ਦੇ ਲੋਕਾਂ ਨੇ ਸਰਕਾਰ ਦੀਆਂ ਸਿਹਤ ਟੀਮਾਂ ਨੂੰ ਕਰੋਨਾ ਸੈਂਪਲ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਸਰਕਾਰੀ ਹਸਪਤਾਲ ਕਾਹਨੂੰਵਾਨ ਦੇ ਸੀਨੀਅਰ ਮੈਡੀਕਲ ਅਫ਼ਸਰ ਇਕਬਾਲ ਸਿੰਘ ਮੁਲਤਾਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਤੱਕ 6 ਪਿੰਡਾਂ ਵਿੱਚੋਂ ਲੋਕਾਂ ਦੇ ਕਰੋਨਾ ਸੈਂਪਲ ਨਾ ਲੈਣ ਦੇ ਮਤੇ ਅਤੇ ਪੱਤਰ ਪੰਚਾਇਤਾਂ ਵੱਲੋਂ ਪ੍ਰਾਪਤ ਹੋਏ ਹਨ। ਸਭ ਤੋਂ ਪਹਿਲਾਂ ਗਰਾਮ ਪੰਚਾਇਤ ਸੈਦੋਵਾਲ ਖ਼ੁਰਦ ਵੱਲੋਂ ਜਾਂਚ ਕਰਵਾਉਣ ਲਈ ਨਮੂਨੇ ਦੇਣ ਦੇਣ ਦਾ ਮਤਾ ਮਿਲਿਆ ਸੀ। ਇਸ ਤੋਂ ਇਲਾਵਾ ਹੁਣ ਉਨ੍ਹਾਂ ਨੂੰ ਗਰਾਮ ਪੰਚਾਇਤ ਸ਼ੀਂਹ ਭੱਟੀ, ਲਖਨਪੁਰ, ਵਧਾਈ, ਖੁਸ਼ਹਾਲਪੁਰ ਅਤੇ ਬੇਰੀ ਦੀਆਂ ਪੰਚਾਇਤਾਂ ਵੱਲੋਂ ਵੀ ਪੱਤਰ ਪ੍ਰਾਪਤ ਹੋ ਗਏ ਹਨ। ਪੱਤਰ ਦੁਆਰਾ ਪੰਚਾਇਤਾਂ ਨੇ ਆਪਣੇ ਪਿੰਡਾਂ ਵਿੱਚ ਕਰੋਨਾ ਦੇ ਸੈਂਪਲ ਨਾ ਕਰਵਾਉਣ ਸਬੰਧੀ ਕਿਹਾ ਗਿਆ ਹੈ। ਜੇ ਕੋਈ ਵਿਅਕਤੀ ਬਿਮਾਰ ਪਾਇਆ ਗਿਆ ਤਾਂ ਉਸ ਦਾ ਸੈਂਪਲ ਸਿਹਤ ਵਿਭਾਗ ਲਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਤਾਂ ਵਿੱਚ ਉਹ ਕਰੋਨਾ ਸੈਂਪਲ ਕਰਨ ਤੋਂ ਅਸਮਰਥ ਹਨ। ਉਨ੍ਹਾਂ ਦੱਸਿਆ ਕਿ ਸੈਂਪਲਿੰਗ ਦੀ ਦਰ ਵੀ ਇਸ ਕਾਰਨ ਘਟ ਗਈ ਹੈ। ਐੱਸ ਐਮ ਓ ਡਾ. ਮੁਲਤਾਨੀ ਨੇ ਦੱਸਿਆ ਕਿ ਇਸ ਦੀ ਸੂਚਨਾ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ, ਸਿਵਲ ਸਰਜਨ ਗੁਰਦਾਸਪੁਰ, ਐਸਡੀਐਮ ਗੁਰਦਾਸਪੁਰ ਅਤੇ ਬੀਡੀਪੀਓ ਨੂੰ ਵੀ ਭੇਜ ਦਿੱਤੀ ਹੈ।