ਪੱਤਰ ਪ੍ਰੇਰਕ
ਤਰਨ ਤਾਰਨ, 18 ਅਕਤੂਬਰ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਲਾਕੇ ਦੇ ਪਿੰਡ ਰਸੂਲਪੁਰ ਦੇ ਨੌਜਵਾਨ ਕਾਰੋਬਾਰੀ ਗੁਰਜੰਟ ਸਿੰਘ (32) ਦੇ ਭੋਗ ’ਤੇ ਆਉਣ ਦੀ ਹਾਮੀ ਭਰੀ ਹੈ| ਇਸ ਸਬੰਧੀ ਬਲਕੌਰ ਸਿੰਘ ਨੇ ਅੱਜ ਗੁਰਜੰਟ ਸਿੰਘ ਦੇ ਪਿਤਾ ਅਜੈਬ ਸਿੰਘ ਨੂੰ ਮੋਬਾਈਲ ਕਰਕੇ ਭੋਗ ਵਿੱਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਹੈ| ਗੁਰਜੰਟ ਸਿੰਘ ਦੀਆਂ ਅੰਤਿਮ ਰਸਮਾਂ ਤਹਿਤ ਭੋਗ ਵੀਰਵਾਰ ਨੂੰ ਰਸੂਲਪੁਰ ’ਚ ਪਾਏ ਜਾਣੇ ਹਨ| ਗੁਰਜੰਟ ਸਿੰਘ ਦੀ 11 ਅਕਤੂਬਰ ਨੂੰ ਦੋ ਗੈਂਗਸਟਰਾਂ ਨੇ ਤਰਨ ਤਾਰਨ ਤੋਂ ਥੋੜੀ ਦੂਰ ਅਲਾਦੀਨਪੁਰ ਪਿੰਡ ’ਚ ਕੌਮੀ ਮਾਰਗ ’ਤੇ ‘ਨਾਜ਼ ਬੁਟੀਕ ਐਂਡ ਫਤਿਹ ਕੁਲੈਕਸ਼ਨ’ ਅੰਦਰ ਜਾ ਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ| ਇਸ ਹੱਤਿਆ ਦੀ ਜ਼ਿੰਮੇਵਾਰੀ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਲਈ ਸੀ| ਭੋਗ ’ਤੇ ਬਲਕੌਰ ਸਿੰਘ ਦੇ ਆਉਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੀ ਪੁਲੀਸ ਨੇ ਅਜੈਬ ਸਿੰਘ ਦੇ ਘਰ ਜਾ ਕੇ ਜਾਣਕਾਰੀ ਲਈ| ਇਸ ਦੇ ਨਾਲ ਹੀ ਸੂਹੀਆ ਏਜੰਸੀਆਂ ਨੇ ਵੀ ਜਾਣਕਾਰੀ ਪ੍ਰਾਪਤ ਕਰਨ ਲਈ ਸਰਗਰਮੀ ਕੀਤੀ ਹੈ| ਬਲਕੌਰ ਸਿੰਘ ਨੇ ਅਜੈਬ ਸਿੰਘ ਨਾਲ ਗਲਬਾਤ ਕਰਦਿਆਂ ਸੂਬੇ ’ਚ ਗੈਂਗਸਟਰਾਂ ਵੱਲੋਂ ਨਕਾਬਪੋਸ਼ ਹੋਣ ਦੀ ਬਜਾਏ ਨੰਗੇ ਚਿਹਰਿਆਂ ਨਾਲ ਕੀਤੀਆਂ ਜਾ ਰਹੀਆਂ ਵਾਰਦਾਤਾਂ ’ਤੇ ਡਾਢੀ ਚਿੰਤਾ ਦਾ ਪ੍ਰਗਟਾਵਾ ਕੀਤਾ|