ਪੱਤਰ ਪ੍ਰੇਰਕ
ਤਰਨ ਤਾਰਨ, 16 ਜੁਲਾਈ
ਇਥੋਂ ਦੇ ਬੱਸ ਅੱਡਾ ਨੇੜੇ ਦੋ ਨੌਜਵਾਨਾਂ ਨੂੰ ਮੋਟਰਸਾਈਕਲ ਸਵਾਰ ਦੋ ਹਥਿਆਰਬੰਦ ਵਿਅਕਤੀ ਗੋਲੀਆਂ ਮਾਰ ਕੇ ਜ਼ਖਮੀ ਕਰ ਗਏ| ਜ਼ਖਮੀਆਂ ਦੀ ਸ਼ਨਾਖਤ ਭਗਵੰਤ ਸਿੰਘ (24) ਵਾਸੀ ਪੰਡੋਰੀ ਗੋਲਾ ਅਤੇ ਜੁਗਰਾਜ ਸਿੰਘ (25) ਵਾਸੀ ਮੁਗਲਚੱਕ ਪੰਨੂੰਆਂ ਦੇ ਤੌਰ ’ਤੇ ਕੀਤੀ ਗਈ ਹੈ| ਉਨ੍ਹਾਂ ਨੂੰ ਇਥੋਂ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ| ਵਾਰਦਾਤ ਪਿੱਛੇ ਦੋ ਧਿਰਾਂ ਵਿਚਾਲੇ ਚੱਲਦੀ ਆ ਰਹੀ ਆਪਸੀ ਕਸ਼ਮਕਸ਼ ਕਾਰਨ ਦੱਸੀ ਜਾ ਰਹੀ ਹੈ| ਭਗਵੰਤ ਸਿੰਘ ਬੱਸ ਅੱਡਾ ਨੇੜੇ ਕਾਰ ਵਿਚ ਜੁਗਰਾਜ ਨਾਲ ਬੈਠਾ ਗੱਲਾਂ ਕਰ ਰਿਹਾ ਸੀ ਕਿ ਹਮਲਾਵਰਾਂ ਨੇ ਉਨ੍ਹਾਂ ਵੱਲ ਗੋਲੀਆਂ ਚਲਾ ਦਿੱਤੀਆਂ। ਪੁਲੀਸ ਅਨੁਸਾਰ ਹਮਲਾਵਰਾਂ ਵਿੱਚ ਨੋਵਲਪ੍ਰੀਤ ਸਿੰਘ ਵਾਸੀ ਕੋਟ ਧਰਮ ਚੰਦ ਕਲਾਂ ਤੇ ਕੀਰਤ ਸਿੰਘ ਵਾਸੀ ਸ਼ੇਰੋਂ ਦਾ ਨਾਮ ਸ਼ਾਮਲ ਹੈ|
ਗੋਲੀਆਂ ਚਲਾਉਣ ਵਾਲਿਆਂ ’ਤੇ ਕੇਸ ਦਰਜ
ਸ਼ਾਹਕੋਟ (ਪੱਤਰ ਪ੍ਰੇਰਕ): ਇਥੇ ਅਰਵਿੰਦਰ ਸਿੰਘ ਖਹਿਰਾ ਉੱਪਰ ਗੋਲੀਆਂ ਚਲਾਉਣ ਵਾਲੇ 4 ਜਣਿਆਂ ਖਿਲਾਫ ਸਥਾਨਿਕ ਪੁਲੀਸ ਨੇ ਕੇਸ ਦਰਜ ਕਰਕੇ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿਤੀ ਹੈ। ਐਸ.ਐਚ.ਓ ਸ਼ਾਹਕੋਟ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਵੀਰਵਾਰ ਦੇਰ ਸ਼ਾਮ ਉਨ੍ਹਾਂ ਕੋਲ ਅਰਵਿੰਦਰ ਸਿੰਘ ਖਹਿਰਾ ਪੁੱਤਰ ਪ੍ਰਿਤਪਾਲ ਸਿੰਘ ਖਹਿਰਾ ਵਾਸੀ ਕਾਕੜਾ ਨੇ ਸਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਉੱਪਰ ਰਾਜਾ ਪੁੱਤਰ ਸੁਖਵਿੰਦਰ ਤੇ ਕਿਰਨ ਪੁੱਤਰ ਦਾਰਾ ਵਾਸੀਆਨ ਨਵਾਂ ਕਿਲਾ ਅਤੇ 2 ਹੋਰ ਅਣਪਛਾਤਿਆਂ ਨੇ ਗੋਲੀਆਂ ਚਲਾਈਆਂ ਹਨ।