ਕੇ.ਪੀ. ਸਿੰਘ
ਗੁਰਦਾਸਪੁਰ, 12 ਜੂਨ
ਨਜ਼ਦੀਕੀ ਪਿੰਡ ਹੇਮਰਾਜਪੁਰ ਵਿੱਚ ਸ਼ਨਿੱਚਰਵਾਰ ਦੀ ਰਾਤ ਕੁਝ ਵਿਅਕਤੀਆਂ ਨੇ ਇੱਕ ਘਰ ਦੇ ਬਾਹਰ ਫਾਇਰਿੰਗ ਕੀਤੀ ਅਤੇ ਘਰ ਦੇ ਮਾਲਕ ਨੂੰ ਗਾਲ੍ਹਾਂ ਕੱਢਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਘਰ ਦਾ ਮਾਲਕ ਉਸ ਸਮੇਂ ਘਰ ਵਿੱਚ ਮੌਜੂਦ ਨਹੀਂ ਸੀ। ਪਰਿਵਾਰ ਦੇ ਮੈਂਬਰਾਂ ਵੱਲੋਂ ਜਾਣਕਾਰੀ ਦੇਣ ’ਤੇ ਉਹ ਮੌਕੇ ’ਤੇ ਪਹੁੰਚਿਆ। ਪੀੜਤ ਪਰਿਵਾਰ ਨੇ ਮੌਕੇ ’ਤੇ ਗੋਲੀਆਂ ਦੇ ਖ਼ੋਲ ਵੀ ਬਰਾਮਦ ਕਰ ਕੇ ਪੁਲੀਸ ਨੂੰ ਸੌਂਪੇ ਹਨ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਹੇਮਰਾਜਪੁਰ ਨਿਵਾਸੀ ਦਿਲਬਾਗ ਸਿੰਘ ਪੁੱਤਰ ਸੁਲੱਖਣ ਸਿੰਘ ਨੇ ਦੱਸਿਆ ਕਿ ਉਹ ਜ਼ਿਲ੍ਹਾ ਕਚਹਿਰੀ ਵਿੱਚ ਕੰਮ ਕਰਦਾ ਹੈ। ਕੁਝ ਮਹੀਨੇ ਪਹਿਲਾਂ ਉਸ ਨੇ ਦਲਵਿੰਦਰ ਸਿੰਘ ਪੁੱਤਰ ਅੱਛਰ ਸਿੰਘ ਕੋਲੋਂ 28 ਕਨਾਲ, ਡੇਢ ਮਰਲਾ ਜ਼ਮੀਨ 47 ਲੱਖ ਰੁਪਏ ਵਿੱਚ ਖ਼ਰੀਦੀ ਸੀ। ਉਸ ਸਮੇਂ ਉੱਥੇ ਫ਼ਸਲ ਖੜ੍ਹੀ ਹੋਈ ਸੀ। ਦਲਵਿੰਦਰ ਸਿੰਘ ਨੇ ਫ਼ਸਲ ਕੱਟਣ ਮਗਰੋਂ ਕਬਜ਼ਾ ਦੇਣ ਦੀ ਗੱਲ ਕਹੀ ਸੀ।
ਦੂਸਰੇ ਪਾਸੇ ਦਲਵਿੰਦਰ ਦਾ ਭਰਾ ਕੁਲਵੰਤ ਸਿੰਘ ਇਸ ਜ਼ਮੀਨ ’ਤੇ ਆਪਣਾ ਹੱਕ ਜਤਾ ਰਿਹਾ ਸੀ। ਇਸ ਦੌਰਾਨ ਕੁਲਵੰਤ ਸਿੰਘ ਦੇ ਕੁਝ ਸਾਥੀ ਉਸ ਕੋਲ ਆਏ ਅਤੇ ਮਾਮਲਾ ਸੁਲਝਾਉਣ ਦੇ ਢਾਈ ਲੱਖ ਰੁਪਏ ਮੰਗਣ ਲੱਗੇ। ਦਿਲਬਾਗ ਸਿੰਘ ਨੇ ਇਹ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ। ਦਿਲਬਾਗ ਸਿੰਘ ਅਨੁਸਾਰ ਸ਼ਨਿਚਰਵਾਰ ਰਾਤ ਕਰੀਬ ਸਾਢੇ ਸੱਤ ਵਜੇ ਕੁਲਵੰਤ ਸਿੰਘ ਆਪਣੇ ਸਾਥੀਆਂ ਨਾਲ ਮੌਕੇ ’ਤੇ ਪਹੁੰਚਿਆ ਅਤੇ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਉਸ ਸਮੇਂ ਉਹ ਘਰ ਵਿੱਚ ਨਹੀਂ ਸੀ ਅਤੇ ਉਸ ਦੀ ਪਤਨੀ ਸਿਮਰਨਜੀਤ ਕੌਰ ਅਤੇ ਬੇਟਾ ਮਨਪ੍ਰੀਤ ਸਿੰਘ ਹੀ ਘਰ ਵਿੱਚ ਸਨ। ਫਾਇਰਿੰਗ ਦੀ ਆਵਾਜ਼ ਸੁਣ ਕੇ ਉਹ ਛੱਤ ’ਤੇ ਪਹੁੰਚੇ ਅਤੇ ਵੇਖਿਆ ਕਿ ਮੁਲਜ਼ਮ ਹਵਾਈ ਫਾਇਰ ਕਰਨ ਦੇ ਨਾਲ ਦਿਲਬਾਗ ਸਿੰਘ ਨੂੰ ਗਾਲਾਂ ਕੱਢ ਰਹੇ ਸਨ। ਦਿਲਬਾਗ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਹ ਇੱਕ ਘੰਟੇ ਮਗਰੋਂ ਘਰ ਪਹੁੰਚਿਆ ਅਤੇ ਪੁਲੀਸ ਨੂੰ ਸੂਚਿਤ ਕੀਤਾ। ਥਾਣਾ ਸਦਰ ਦੇ ਮੁਖੀ ਅਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮੌਕੇ ’ਤੇ ਗੋਲੀ ਦਾ ਕੋਈ ਖ਼ੋਲ ਨਹੀਂ ਮਿਲਿਆ ਬਲਕਿ ਪੀੜਤ ਨੇ ਖ਼ੁਦ ਉਨ੍ਹਾਂ ਨੂੰ ਖ਼ੋਲ ਲੱਭ ਕੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਜਾਂਚ ਕਰ ਰਹੀ ਹੈ ਅਤੇ ਜਾਂਚ ਮਗਰੋਂ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਜਾਅਲੀ ਆਧਾਰ ਕਾਰਡ ਬਣਾ ਕੇ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰਨ ਵਾਲਾ ਗ੍ਰਿਫ਼ਤਾਰ
ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ) ਬਾਬਾ ਵਡਭਾਗ ਸਿੰਘ ਦੇ ਵੰਸ਼ਜਾਂ ਵਿੱਚੋਂ ਗੁਰੂ ਅਮਰਜੀਤ ਸਿੰਘ ਸਪੁੱਤਰ ਗੁਰੂ ਸਰਦੂਲ ਸਿੰਘ ਜਿਨ੍ਹਾਂ ਦੀ 24 ਸਾਲ ਪਹਿਲਾਂ ਜਿਨ੍ਹਾਂ ਦੀ ਮੌਤ ਹੋ ਗਈ ਸੀ ਉਨ੍ਹਾਂ ਦੇ ਨਾਂ ਦਾ ਜਾਅਲੀ ਆਧਾਰ ਕਾਰਡ ਬਣਾ ਕੇ ਉਨ੍ਹਾਂ ਦੀ ਮਾਲਕੀ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਲਈ ਮਾਲ ਮਹਿਕਮੇ ਨੂੰ ਦਰਖਾਸਤ ਦੇਣ ਵਾਲੇ ਇਕ ਵਿਅਕਤੀ ਨੂੰ ਪੁਲੀਸ ਨੇ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਵਡਭਾਗ ਸਿੰਘ ਦੇ ਵੰਸ਼ਜਾਂ ਵਿੱਚੋਂ ਕੁੰਵਰ ਅਮਰਿੰਦਰ ਸਿੰਘ ਵਾਸੀ ਕਿਲਾ ਕੋਠੀ ਕਰਤਾਰਪੁਰ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਉਨ੍ਹਾਂ ਦੇ ਦਾਦਾ ਗੁਰੂ ਅਮਰਜੀਤ ਸਿੰਘ ਦੀ ਮੌਤ 1988 ਵਿੱਚ ਹੋ ਗਈ ਸੀ ਅਤੇ ਉਨ੍ਹਾਂ ਦੇ ਨਾਂ ’ਤੇ ਜਾਅਲੀ ਆਧਾਰ ਕਾਰਡ ਬਣਾ ਕੇ ਉਨ੍ਹਾਂ ਦੀ ਮਾਲਕੀ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਲਈ ਨਾਇਬ ਤਹਿਸੀਲਦਾਰ ਕਰਤਾਰਪੁਰ ਨੂੰ ਦਰਖਾਸਤ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਲ ਮਹਿਕਮੇ ਦੇ ਕਰਮਚਾਰੀ ਨਿਸ਼ਾਨਦੇਹੀ ਕਰਨ ਲਈ ਉਨ੍ਹਾਂ ਦੀ ਜਗ੍ਹਾ ’ਤੇ ਆਏ ਤਾਂ ਉਨ੍ਹਾਂ ਨੂੰ ਇਹ ਸਾਰੀ ਘਟਨਾ ਬਾਰੇ ਪਤਾ ਲੱਗਿਆ। ਇਸ ਸਬੰਧੀ ਡੀਐੱਸਪੀ ਸਬ ਡਿਵੀਜ਼ਨ ਕਰਤਾਰਪੁਰ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਜਾਅਲੀ ਆਧਾਰ ਕਾਰਡ ਬਣਾਉਣ ਦੇ ਮਾਮਲੇ ਵਿੱਚ ਵਰਿੰਦਰ ਕੁਮਾਰ ਪਾਂਡੇ ਪੁੱਤਰ ਰਾਮ ਆਸਰੇ ਪਾਂਡੇ ਵਾਸੀ ਲੋਦੀਪੁਰ ਥਾਣਾ ਕੋਤਵਾਲੀ ਜ਼ਿਲ੍ਹਾ ਸੁਲਤਾਨਪੁਰ ਯੂਪੀ ਹਾਲ ਵਾਸੀ ਝੁੱਗੀ ਨੇੜੇ ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਜਾਅਲੀ ਆਧਾਰ ਕਾਰਡ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਆਧਾਰ ਕਾਰਡ ਬਣਾਉਣ ਲਈ ਕਿਹੜੇ ਵਿਅਕਤੀ ਨੇ ਫਾਰਮ ਤਸਦੀਕ ਕੀਤਾ ਅਤੇ ਆਧਾਰ ਕਾਰਡ ਕਿੱਥੋਂ ਬਣਵਾਇਆ ਗਿਆ, ਉਸਦੀ ਪੜਤਾਲ ਜਾਰੀ ਹੈ।