ਜਤਿੰਦਰ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 6 ਸਤੰਬਰ
ਕਸਬਾ ਗੋਇੰਦਵਾਲ ਸਾਹਿਬ ਵਿੱਚ ਸਟੇਡੀਅਮ ਵਾਲੀ ਵਿਵਾਦਿਤ ਜਗ੍ਹਾ ਨੂੰ ਭੰਗੂੜਿਆਂ ਲਈ ਠੇਕੇ ’ਤੇ ਦੇਣ ਦੇ ਮਾਮਲੇ ਵਿੱਚ ਦੇਰ ਸ਼ਾਮ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਜ਼ਿਕਰਯੋਗ ਹੈ ਕਿ ਇਸ ਸਟੇਡੀਅਮ ਦੀ ਜਗ੍ਹਾ ਨੂੰ ਲੈ ਕੇ ਸਥਾਨਕ ਕਾਂਗਰਸੀ ਆਗੂ ਅਤੇ ਪੀਐੱਸਆਈਈਸੀ ਵਿਭਾਗ ਦੇ ਅਧਿਕਾਰੀਆ ਦਰਮਿਆਨ ਵਿਵਾਦ ਗਰਮਾਇਆ ਹੋਇਆ ਹੈ। ਇਸ ਜਗ੍ਹਾ ਨੂੰ ਮੇਲੇ ਦੌਰਾਨ ਭੰਗੂੜੇ ਲਾਉਣ ਲਈ ਸਥਾਨਕ ਆਗੂਆਂ ਵੱਲੋਂ ਕਰੀਬ ਤਿੰਨ ਲੱਖ ਰੁਪਏ ਵਿੱਚ ਠੇਕੇ ’ਤੇ ਦਿੱਤਾ ਗਿਆ ਸੀ। ਇਸ ’ਤੇ ਪੀਐਸਆਈਈਸੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਥਾਨਕ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਾਈ ਗਈ ਸੀ। ਇਸ ਦੇ ਮੱਦੇਨਜ਼ਰ ਇਹ ਹਾਦਸਾ ਵਾਪਰਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਵਿਅਕਤੀ ਵੱਲੋਂ ਸਟੇਡੀਅਮ ਵਾਲੀ ਜ਼ਮੀਨ ਉੱਪਰ ਖੜ੍ਹੇ ਵਾਹਨਾਂ ਉਪਰ ਅੱਧਾ ਦਰਜਨ ਦੇ ਕਰੀਬ ਗੋਲੀਆਂ ਮਾਰੀਆਂ ਗਈਆਂ।
ਭੰਗੂੜਿਆਂ ਦੇ ਠੇਕੇਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਰਕਰ ਟਰੈਕਟਰ ਟਰਾਲੀਆਂ ਖੜ੍ਹੀਆਂ ਕਰ ਕੇ ਆਰਾਮ ਕਰ ਰਹੇ ਸਨ। ਇਸ ਦੌਰਾਨ ਅਚਾਨਕ ਕੁਝ ਵਿਅਕਤੀਆਂ ਨੇ ਉਨ੍ਹਾਂ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ। ਉਕਤ ਵਿਅਕਤੀ ਵੱਲੋਂ ਅੱਧਾ ਦਰਜਨ ਤੋਂ ਵੱਧ ਫਾਇਰ ਕੀਤੇ ਗਏ ਜੋ ਉਨ੍ਹ੍ਵਾਂ ਦੇ ਟ੍ਰੈਕਟਰ ਟਰਾਲੀ ਅਤੇ ਇਕ ਟਰੱਕ ਦੇ ਟਾਇਰ ਵਿੱਚ ਲੱਗੇ। ਮਨਦੀਪ ਸਿੰਘ ਨੇ ਦੋਸ਼ ਲਗਾਉਂਦਿਆ ਕਿਹਾ ਕਿ ਉਕਤ ਫਾਇਰਿੰਗ ਪੀਐੱਸਆਈਈਸੀ ਦੇ ਅਧਿਕਾਰੀਆ ਵੱਲੋ ਕੀਤੀ ਗਈ ਹੈ ਉੱਥੇ ਹੀ ਜੇਈ ਗਗਨਦੀਪ ਸਿੰਘ ਨੇ ਦੱਸਿਆ ਕਿ ਅਧਿਕਾਰੀ ਮੌਕੇ ਦਾ ਜਾਇਜ਼ਾ ਕਰਨ ਲਈ ਮੌਕੇ ’ਤੇ ਪੁੱਜੇ ਸਨ ਜਿਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਉਹ ਮੌਕੇ ਤੋਂ ਖੁਦ ਜਾਨ ਬਚਾ ਕੇ ਭੱਜੇ ਹਨ। ਮੌਕੇ ’ਤੇ ਪੁੱਜੇ ਐੱਸਐੱਚਓ ਰਾਜਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।