ਨਰਿੰਦਰ ਸਿੰਘ
ਭਿੱਖੀਵਿੰਡ, 10 ਫਰਵਰੀ
ਪਿੰਡ ਬਾਸਰਕੇ ਵਿੱਚ ਕਿਸੇ ਗੱਲ ਤੋਂ ਅਕਾਲੀਆਂ ਤੇ ਕਾਂਗਰਸੀਆਂ ਵਿੱਚ ਚੱਲੀਆਂ ਗੋਲੀਆਂ ਦੌਰਾਨ ਅਕਾਲੀ ਦਲ ਨਾਲ ਸਬੰਧਤ ਤਿੰਨ ਨੌਜਵਾਨਾਂ ਗੰਭੀਰ ਜ਼ਖਮੀ ਹੋ ਗਏ। ਇਸ ਦੌਰਾਨ ਹੋਏ ਝਗੜੇ ਵਿੱਚ ਜ਼ਖ਼ਮੀ ਹੋਏ ਨੌਜਵਾਨ ਗੁਰਜਿੰਦਰ ਸਿੰਘ, ਰਣਜੀਤ ਸਿੰਘ ਤੇ ਗੁਰਭੇਜ ਸਿੰਘ ਨੇ ਦੱਸਿਆ ਕਿ ਕਣਕ ਦੀਆਂ ਕੱਟੀਆਂ ਪਰਚੀਆਂ ਨੂੰ ਲੈ ਕੇ ਕਾਂਗਰਸੀ ਸਰਪੰਚ ਹਰਦੇਵ ਸਿੰਘ ਮਾਹਲਾ ਵੱਲੋਂ ਕਣਕ ਵੰਡੀ ਜਾ ਰਹੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਹ ਆਟਾ ਦਾਲ ਸਕੀਮ ਤਹਿਤ ਵੰਡੀ ਜਾ ਰਹੀ ਕਣਕ ਲੈਣ ਲਈ ਪਹੁੰਚੇ ਤਾਂ ਸਰਪੰਚ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਆਪਣੇ ਹਥਿਆਰ ਨਾਲ ਗੋਲੀਆਂ ਚਲਾ ਦਿੱਤੀਆਂ ਜਿਸ ’ਚ ਸਰਪੰਚ ਵੱਲੋਂ ਕਰੀਬ 6 ਰਾਊਂਡ ਫਾਇਰ ਕੀਤੇ ਗਏ ਜਿਸ ਵਿੱਚ ਇੱਕ ਗੋਲੀ ਗੁਰਜਿੰਦਰ ਸਿੰਘ ਦੀ ਬਾਂਹ ਨੂੰ ਛੂਹ ਕੇ ਲੰਘ ਗਈ ਅਤੇ ਰਣਜੀਤ ਸਿੰਘ ਦੀ ਕੂਹਣੀ ’ਤੇ ਤੇਜ਼ਧਾਰ ਹਥਿਆਰ ਨਾਲ ਸੱਟ ਵੱਜੀ। ਸਰਪੰਚ ਹਰਦੇਵ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਕਿਹਾ ਕਿ ਅਕਾਲੀਆਂ ਨੂੰ ਕਣਕ ਨਾ ਦੇਣ ਦਾ ਬਹਾਨਾ ਬਣਾ ਕੇ ਉਨ੍ਹਾਂ ਦੇ ਘਰ ’ਤੇ ਹਮਲਾ ਕੀਤਾ ਗਿਆ ਜਿਸ ਕਾਰਨ ਉਨ੍ਹਾਂ ਦੇ ਤਿੰਨ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡੀਐੱਸਪੀ ਤਰਸੇਮ ਮਸੀਹ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਮੁਲਜ਼ਮ ਮਿਲਿਆ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।