ਹਰਜੀਤ ਸਿੰਘ ਪਰਮਾਰ
ਬਟਾਲਾ, 13 ਨਵੰਬਰ
ਲੰਘੀ ਦੇਰ ਰਾਤ ਸ਼ਰਾਬ ਦੇ ਠੇਕਾਦਾਰ ’ਤੇ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਹਮਲਾ ਹੋਣ ਸਮੇਂ ਸ਼ਰਾਬ ਦਾ ਠੇਕੇਦਾਰ ਗੁਰਪ੍ਰੀਤ ਸਿੰਘ ਗੋਪੀ ਆਪਣੇ ਘਰ ਵਾਪਸ ਜਾਣ ਲਈ ਕਾਰ ਵਿੱਚ ਬੈਠ ਰਿਹਾ ਸੀ। ਪੁਲੀਸ ਨੇ ਇੱਕ ਹਮਲਾਵਰ ਨੂੰ ਕਾਬੂ ਕਰ ਲਿਆ ਹੈ ਜਦੋਂਕਿ ਤਿੰਨ ਫ਼ਰਾਰ ਹੋ ਗਏ। ਪੁਲੀਸ ਨੇ ਇਸ ਸਬੰਧੀ ਥਾਣਾ ਸਿਵਲ ਲਾਈਨਜ਼ ਵਿਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਗੁਰਪ੍ਰੀਤ ਸਿੰਘ ਗੋਪੀ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਉਹ ਆਪਣੇ ਇੱਕ ਦੋਸਤ ਦੇ ਲੜਕੇ ਦੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਕਾਹਨੂੰਵਾਨ ਰੋਡ ’ਤੇ ਗਏ ਸਨ। ਰਾਤ ਕਰੀਬ ਸਾਢੇ 10 ਵਜੇ ਜਦੋਂ ਉਹ ਆਪਣੇ ਘਰ ਜਾਣ ਲਈ ਕਾਰ ਵਿੱਚ ਬੈਠ ਰਹੇ ਸਨ ਤਾਂ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਬਚਾਅ ਲਈ ਉਥੋਂ ਕਾਰ ਭਜਾ ਲਈ ਪਰ ਹਮਲਾਵਰ ਉਨ੍ਹਾਂ ਦਾ ਪਿੱਛਾ ਕਰ ਕੇ ਵੀ ਗੋਲੀਆਂ ਚਲਾਉਂਦੇ ਰਹੇ। ਇਸ ਦੌਰਾਨ ਉਨ੍ਹਾਂ ਨੇ ਇੱਕ ਮੋਟਰਸਾਈਕਲ ਦਾ ਪਿੱਛਾ ਕਰਦਿਆਂ ਸੁੱਖਾ ਸਿੰਘ-ਮਹਿਤਾਬ ਸਿੰਘ ਚੌਕ ਵਿੱਚ ਕਾਰ ਦੀ ਟੱਕਰ ਮਾਰ ਕੇ ਡੇਗ ਦਿੱਤਾ। ਇਸ ਦੌਰਾਨ ਇੱਕ ਮੋਟਰਸਾਈਕਲ ਸਵਾਰ ਫ਼ਰਾਰ ਹੋ ਗਿਆ ਜਦਕਿ ਦੂਜੇ ਨੂੰ ਉਨ੍ਹਾਂ ਨੇ ਕਾਬੂ ਕਰ ਲਿਆ ਤੇ ਪੁਲੀਸ ਹਵਾਲੇ ਕਰ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਸਿਟੀ ਪਰਵਿੰਦਰ ਕੌਰ ਤੇ ਥਾਣਾ ਸਿਵਲ ਲਾਈਨਜ਼ ਦੀ ਪੁਲੀਸ ਮੌਕੇ ’ਤੇ ਪਹੁੰਚੀ। ਪੁਲੀਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ। ਥਾਣਾ ਸਿਵਲ ਲਾਈਨਜ਼ ਦੇ ਮੁਖੀ ਅਮੋਲਕਦੀਪ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਹੈ ਕਿ ਉਸ ਨੇ ਗੈਂਗਸਟਰ ਹੈਰੀ ਚੱਠਾ ਦੇ ਕਹਿਣ ’ਤੇ ਗੋਲੀਆਂ ਚਲਾਈਆਂ ਹਨ।