ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 7 ਅਕਤੂਬਰ
ਥਾਣਾ ਵੈਰੋਵਾਲ ਦੇ ਅਧੀਨ ਆਉਂਦੇ ਪਿੰਡ ਰਾਮਪੁਰ ਭੂਤਵਿੰਡ ਅਤੇ ਨਾਗੋਕੇ ਘਰਾਟ ਦੇ ਪੈਟਰੋਲ ਪੰਪ ਨਜ਼ਦੀਕ ਪੁਲੀਸ ਅਤੇ ਅਗਵਾਕਾਰਾਂ ਵਿਚਕਾਰ ਹੋਈ ਮੁੱਠਭੇੜ ਬਾਅਦ ਅਗਵਾ ਕੀਤੇ ਨੌਜਵਾਨ ਨੂੰ ਸਹੀ ਸਲਾਮਤ ਛੁਡਵਾ ਲਿਆ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਵੈਰੋਵਾਲ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਨਾਗੋਕੇ ਘਰਾਟ ਦੇ ਨਜ਼ਦੀਕ ਕਾਰ ਸਵਾਰ ਵਿਅਕਤੀਆਂ ਅਤੇ ਪੁਲੀਸ ਪਾਰਟੀ ਵਿੱਚ ਮੁਕਾਬਲਾ ਹੋਇਆ ਹੈ ਜਿਸ ਦੌਰਾਨ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜਦਕਿ ਇਨ੍ਹਾਂ ਵਿਅਕਤੀਆ ਵੱਲੋ ਅਗਵਾ ਕੀਤਾ ਨੌਜਵਾਨ ਵੀ ਪੁਲੀਸ ਨੇ ਸਹੀ ਸਲਾਮਤ ਬਰਾਮਦ ਕਰ ਲਿਆ।ਇਸ ਮੁੱਠਭੇੜ ਦੌਰਾਨ ਦੋ ਮੁਲਜ਼ਮ ਫ਼ਰਾਰ ਹੋਣ ਵਿਚ ਕਾਮਯਾਬ ਹੋਏ ਹਨ। ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਥਾਣਾ ਖਲਚੀਆ ਦੇ ਅਧੀਨ ਆਉਂਦੇ ਪਿੰਡ ਬੁਟਰੀ ਤੋਂ ਕੁੱੱਝ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਨੂੰ ਅਗਵਾ ਕੀਤਾ ਗਿਆ ਹੈ ਜਿਨ੍ਹਾਂ ਦਾ ਖਲਚੀਆ ਪੁਲੀਸ ਪਾਰਟੀ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ।ਇਸ ਦੌਰਾਨ ਮਿਲੀ ਇਤਲਾਹ ’ਤੇ ਵੈਰੋਵਾਲ ਪੁਲੀਸ ਵੱਲੋਂ ਅਗਵਾਕਾਰਾਂ ਨੂੰ ਰੋਕਿਆ ਗਿਆ ਜਿਸ ਦੌਰਾਨ ਅਗਵਾਕਾਰਾਂ ਵੱਲੋਂ ਪੁਲੀਸ ਪਾਰਟੀ ਉਪਰ ਹਮਲਾ ਕਰਦਿਆ ਫਾਇਰ ਕੀਤੇ ਗਏ। ਪੁਲੀਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਅਤੇ ਗੋਲਾਬਾਰੀ ਤੋਂ ਬਾਅਦ ਇਸ ਦੌਰਾਨ ਪੁਲੀਸ ਜਵਾਨਾਂ ਵੱਲੋਂ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਜਦਕਿ ਦੋ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ ਹਨ। ਕਾਬੂ ਕੀਤੇ ਮੁਲਜ਼ਮ ਦੀ ਪਛਾਣ ਕਰਮਜੀਤ ਸਿੰਘ ਵਾਸੀ ਬੰਬੋਈ ਦੇ ਰੂਪ ਵਿੱਚ ਹੋਈ ਹੈ। ਪੁਲੀਸ ਨੇ ਮੁਸਤੈਦੀ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਪੁਲੀਸ ਨੇ ਦੱਸਿਆ ਕਿ ਨੌਜਵਾਨਾਂ ਅਗਵਾ ਕੀਤੇ ਨੌਜਵਾਨ ਹੈਪੀ ਨੂੰ ਪੁਲੀਸ ਨੇ ਅਗਵਾਕਾਰਾਂ ਦੇ ਚੁੰਗਲ ਚੋਂ ਸਹੀ ਸਲਾਮਤ ਛੁਡਾ ਲਿਆ ਗਿਆ ਹੈ।ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਖਲਚੀਆ ਦੇ ਮੁਖੀ ਸੁਖਦੇਵ ਸਿੰਘ ਝਾਮਕਾ ਨੇ ਦੱਸਿਆ ਕਿ ਉਕਤ ਨੌਜਵਾਨਾਂ ਦੀ ਕਿਸੇ ਵਜ੍ਹਾ ਨੂੰ ਲੈਕੇ ਆਪਸੀ ਰੰਜਿਸ਼ ਚੱਲ ਰਹੀ ਸੀ ਜਿਸ ਦੇ ਚੱਲਦਿਆਂ ਨੌਜਵਾਨਾਂ ਵੱਲੋਂ ਪਿਸਤੌਲ ਦੀ ਨੋਕ ’ਤੇ ਹੈਪੀ ਨੂੰ ਅਗਵਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬਾਕੀ ਦੇ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।