ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 30 ਅਪਰੈਲ
ਪਟਿਆਲਾ ’ਚ ਹੋਈ ਹਿੰਸਾ ਤੋਂ ਬਾਅਦ ਧਾਰੀਵਾਲ ਦੇ ਰਹਿਣ ਵਾਲੇ ਸ਼ਿਵ ਸੈਨਾ ਬਾਲ ਠਾਕਰੇ ਯੂਥ ਵਿੰਗ ਪੰਜਾਬ ਦੇ ਇੰਚਾਰਜ ਹਨੀ ਮਹਾਜਨ ਤੇ ਸ਼ਿਵ ਸੈਨਾ ਪੰਜਾਬ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਰੋਹਿਤ ਮਹਾਜਨ ਨੇ ਸਾਂਝੇ ਤੌਰ ’ਤੇ ਸ਼ਨਿੱਚਰਵਾਰ ਨੂੰ ਧਾਰੀਵਾਲ ਬੰਦ ਦਾ ਸੱਦਾ ਦਿੱਤਾ ਸੀ। ਗੁਰਦਾਸਪੁਰ ਪੁਲੀਸ ਨੇ ਮੁਸ਼ਤੈਦੀ ਵਰਤਦੇ ਹੋਏ ਸ਼ਿਵ ਸੈਨਾ ਦੇ ਦੋਵਾਂ ਯੂਥ ਆਗੂਆਂ ਨੂੰ ਧਾਰੀਵਾਲ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਤੜਕਸਾਰ ਹਿਰਾਸਤ ’ਚ ਲੈ ਲਿਆ। ਇਨ੍ਹਾਂ ਯੂਥ ਆਗੂਆਂ ਵੱਲੋਂ ਬੰਦ ਦੇ ਸੱਦੇ ਨੂੰ ਸ਼ਹਿਰ ਧਾਰੀਵਾਲ ਵਿੱਚ ਕੋਈ ਹੁੰਗਾਰਾ ਨਹੀਂ ਮਿਲਿਆ ਅਤੇ ਸਾਰਾ ਦਿਨ ਬਾਜ਼ਾਰ ਰੋਜ਼ਾਨਾ ਦੀ ਤਰ੍ਹਾਂ ਖੁੱਲ੍ਹੇ ਰਹੇ ਤੇ ਮਹੌਲ ਸ਼ਾਂਤੀਪੂਰਵਕ ਰਿਹਾ। ਥਾਣਾ ਧਾਰੀਵਾਲ ਦੇ ਮੁੱਖੀ ਇੰਸਪੈਕਟਰ ਮਨਜੀਤ ਸਿੰਘ ਨੱਤ ਨੇ ਕਿਹਾ ਕਿ ਧਾਰੀਵਾਲ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ ਮਹੌਲ ਨੂੰ ਕਾਬੂ ਹੇਠ ਰੱਖਣ ਲਈ ਪੁਲੀਸ ਪੂਰੀ ਮੁਸ਼ਤੈਦੀ ਵਰਤ ਰਹੀ ਹੈ। ਉਨ੍ਹਾਂ ਦੱਸਿਆ ਕਿ ਉੱਕਤ ਦੋਵੇਂ ਯੂਥ ਆਗੂ ਸ਼ਾਮ ਨੂੰ ਪੁਲੀਸ ਨੇ ਛੱਡ ਦਿੱਤੇ ਹਨ।