ਜਗਤਾਰ ਸਿੰਘ ਛਿੱਤ
ਜੈਂਤੀਪੁਰ, 30 ਦਸੰਬਰ
ਖਾਲਸਾ ਕਾਲਜ ਚਵਿੰਡਾ ਦੇਵੀ ਵਿਚ ਕੌਮੀ ਗਣਿਤ ਦਿਵਸ ਸਬੰਧੀ ਸੈਮੀਨਾਰ ਪ੍ਰਿੰਸੀਪਲ ਡਾ. ਐਚ. ਬੀ. ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਹ ਦਿਵਸ ਮਹਾਨ ਗਣਿਤ ਆਚਾਰਿਆ ਸ਼੍ਰੀ ਵਿਸ਼ਵਾਸਨ ਰਾਮਾਨੁਜ਼ ਦੀ 125ਵੇਂ ਜਨਮ ਦਿਵਸ ਦੀ ਯਾਦ ’ਚ ਮਨਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਇਹ ਦਿਵਸ 26 ਜਨਵਰੀ, 2012 ਨੂੰ ਮਦਰਾਸ ਯੂਨੀਵਰਸਿਟੀ ਵਿਚ ਪੂਰੇ ਭਾਰਤ ਦੇਸ਼ ’ਚ ਮਨਾਉਣ ਲਈ ਨੀਯਤ ਕੀਤਾ ਗਿਆ ਸੀ। ਇਹ ਸਮਾਗਮ ਗਣਿਤ ਵਿਭਾਗ ਦੇ ਮੁਖੀ ਪ੍ਰੋ. ਵਿਸ਼ਾਲ ਕੁਮਾਰ ਦੀ ਦੇਖਰੇਖ ਹੇਠ ਕਰਵਾਇਆ ਗਿਆ। ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਨੇ ਇਸ ਦਿਨ ਦੀ ਮਹੱਤਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਇਸ ਮੌਕੇ ਪ੍ਰਿੰਸੀਪਲ ਡਾ. ਐਚ.ਬੀ. ਸਿੰਘ ਨੇ ਗਣਿਤ ਨੂੰ ਸਿਰਫ਼ ਇਕ ਵਿਸ਼ੇ ਦੇ ਤੌਰ ’ਤੇ ਪੜ੍ਹਨ ਤੋਂ ਇਲਾਵਾ ਇਸ ਵਿਸ਼ੇ ਨਾਲ ਸਬੰਧਤ ਹੋਰ ਵੀ ਰੋਚਕ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਪ੍ਰੋ. ਸੁਖਪ੍ਰੀਤ ਕੌਰ, ਪ੍ਰੋ. ਕਰਮਜੀਤ ਕੌਰ ਅਤੇ ਪ੍ਰੋ. ਨੋਬਲਪ੍ਰੀਤ ਕੌਰ ਨੇ ਵੀ ਵਿਦਿਆਰਥੀਆਂ ਨਾਲ ਗਣਿਤ ਸਬੰਧੀ ਨੁਕਤੇ ਸਾਂਝੇ ਕੀਤੇ। ਇਸ ਮੌਕੇ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।