ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 13 ਜੂਨ
ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਪਵਿੱਤਰ ਜਲ ਨੂੰ ਦੂਸ਼ਿਤ ਕਰ ਰਹੇ ਗੰਦੇ ਨਾਲੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਉਲੀਕਿਆ ਪ੍ਰਾਜੈਕਟ ਨੇਪਰੇ ਨਾ ਚੜ੍ਹਨ ਕਾਰਨ ਵਾਰ ਵਾਰ ਹੋ ਰਹੀਆਂ ਮੀਟਿੰਗਗਾਂ ਵੀ ਬੇਸਿੱਟਾ ਰਹਿਣ ਦੇ ਚੱਲਦਿਆਂ ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਅੱਜ ਮੁੜ ਤੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਵੀ ਸ਼ਾਮਲ ਹੋਏ। ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਪਵਿੱਤਰ ਜਲ ਨੂੰ ਪਿਛਲੇ ਲੰਬੇ ਸਮੇਂ ਤੋਂ ਗੰਦਾ ਨਾਲਾ ਦੂਸ਼ਿਤ ਕਰ ਰਿਹਾ ਹੈ। ਜਿਸ ਦੇ ਹੱਲ ਦਾ ਪ੍ਰਾਜੈਕਟ ਲੰਮੇ ਸਮੇਂ ਤੋਂ ਲਟਕਦਾ ਆ ਰਿਹਾ ਜਿਸ ਕਾਰਨ ਗੁਰਦੁਆਰਾ ਸਾਹਿਬ ਦੀ ਪਵਿੱਤਰ ਬਾਉਲੀ ਦਾ ਜਲ ਦੂਸ਼ਿਤ ਹੋ ਰਿਹਾ ਹੈ। ਇਸ ਸਮੱਸਿਆ ਦੇ ਹੱਲ ਲਈ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਦਾ ਮੁੱਦਾ ਲੋਕ ਸਭਾ ’ਚ ਚੁੱਕਣਗੇ ਤਾਂ ਜੋ ਪਵਿੱਤਰ ਜਲ ਦੀ ਮਹੱਤਤਾ ਨੂੰ ਬਰਕਰਾਰ ਰੱਖਿਆ ਜਾਵੇ। ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਇਸ ਪ੍ਰਾਜੈਕਟ ’ਚ ਦੇਰੀ ਨਹੀਂ ਹੋਣੀ ਚਾਹੀਦੀ। ਉਹ ਪੰਜਾਬ ਸਰਕਾਰ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਹਰ ਯਤਨ ਕਰਨਗੇ। ਉਨ੍ਹਾਂ ਆਖਿਆ ਕਿ ਬੀਤੇ ਦਿਨੀਂ ਵੱਖ ਵੱਖ ਵਿਭਾਗਾਂ ਤੇ ਮੋਹਤਬਰਾਂ ਨਾਲ ਇਸ ਨਾਲੇ ਦੀ ਸਮੱਸਿਆ ਦੇ ਹੱਲ ਲਈ ਮੀਟਿੰਗ ਕੀਤੀ ਗਈ ਸੀ। ਮੀਟਿੰਗ ’ਚ ਮਾਲ ਵਿਭਾਗ ਨੂੰ ਸੀਵਰੇਜ ਤੇ ਪੁਰਾਤਨ ਦਰਿਆ ਸੰਬਧੀ ਨਿਸ਼ਾਨਦੇਹੀ ਦੇ ਨਿਰਦੇਸ਼ ਦਿੱਤੇ ਸਨ। ਜਿਸ ਸੰਬਧੀ ਵਿਭਾਗ ਨੇ ਪੁਰਾਤਨ ਦਰਿਆ ਤੇ ਸੀਵਰੇਜ ਲਈ ਜ਼ਰੂਰੀ ਨਿਸ਼ਾਨਦੇਹੀ ਕਰ ਲਈ ਹੈ ਤੇ ਜਲਦੀ ਹੀ ਰਹਿੰਦਾ ਕੰਮ ਖਤਮ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਸਰਹਾਲੀ ਸਾਹਿਬ ਵਾਲੇ ਬਾਬਾ ਘੋਲਾ ਸਿੰਘ ਨੇ ਇਸ ਗੰਦੇ ਨਾਲੇ ਦੇ ਪੂਰਨ ਦੀ ਸੇਵਾ ਸੰਬਧੀ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ ਖ਼ਰਚ ਕੀਤਾ ਜਾਏਗਾ ਤੇ ਜੇ ਕਿਸੇ ਕਿਸਾਨ ਦੀ ਜ਼ਮੀਨ ਇਸ ਪ੍ਰਾਜੇਕਟ ਅਧੀਨ ਖਰੀਦਨੀ ਪਈ ਤਾਂ ਸੰਗਤ ਦੇ ਸਹਿਯੋਗ ਨਾਲ ਕਿਸਾਨ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਵੇਗਾ। ਇਸ ਮੌਕੇ ਐੱਸਜੀਪੀਸੀ ਦੇ ਮੈਂਬਰਾਂ ਵੱਲੋਂ ਸਰਕਾਰ ਤੇ ਸੰਗਤ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।