ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 30 ਜੁਲਾਈ
ਜੰਡਿਆਲਾ ਗੁਰੂ ਨਜ਼ਦੀਕ ਜੀਟੀ ਰੋਡ ਨਿੱਜਰਪੁਰਾ ਵਿਖੇ ਸਥਿਤ ਟੌਲ ਪਲਾਜ਼ਾ ’ਤੇ ਅੱਜ ਦੁਪਹਿਰੇ ਕਾਰ ਸਵਾਰ ਰਾਹਗੀਰ ਨਾਲ ਉੱਥੋਂ ਦੇ ਸੁਰੱਖਿਆ ਕਰਮੀ ਵੱਲੋਂ ਹੱਥੋਪਾਈ ਕੀਤੀ ਗਈ ਜਿਸ ਕਾਰਨ ਮਾਮਲਾ ਵਿਗੜਦਾ ਵੇਖ ਕੇ ਮੌਕੇ ’ਤੇ ਪੁਲੀਸ ਨੂੰ ਬੁਲਾਇਆ ਗਿਆ ਤੇ ਪੁਲੀਸ ਨੇ ਆ ਕੇ ਮਾਮਲਾ ਸ਼ਾਂਤ ਕੀਤਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਾਰ ਸਵਾਰ ਰਾਹਗੀਰ ਸਵਿੰਦਰ ਸਿੰਘ ਜੋ ਨਜ਼ਦੀਕੀ ਪਿੰਡ ਛੱਜਲਵਡੀ ਤੋਂ ਬਸਪਾ ਪਾਰਟੀ ਦੇ ਨੇਤਾ ਹਨ, ਨੇ ਦੱਸਿਆ ਦੁਪਹਿਰੇ ਕਰੀਬ ਬਾਰਾਂ ਵਜੇ ਉਹ ਆਪਣੇ ਬੇਟੇ ਦਿਲਪ੍ਰੀਤ ਸਿੰਘ ਨਾਲ ਅੰਮ੍ਰਿਤਸਰ ਤੋਂ ਆਪਣੇ ਪਿੰਡ ਜਾ ਰਹੇ ਸਨ ਤਾਂ ਜਦੋਂ ਉਹ ਨਿੱਜਰਪੁਰਾ ਟੋਲ ਪਲਾਜ਼ੇ ਉੱਪਰ ਪਹੁੰਚੇ ਤਾਂ ਉੱਥੇ ਫਾਸਟੈਗ ਮਸ਼ੀਨਾਂ ਦੀ ਹੌਲੀ ਰਫ਼ਤਾਰ ਕਾਰਨ ਸਕੈਨਿੰਗ ਹੋਣ ਵਿੱਚ ਮੁਸ਼ਕਿਲ ਆ ਰਹੀ ਸੀ।ਇਸ ਦੌਰਾਨ ਟੌਲ ਪਲਾਜ਼ਾ ਦੇ ਦੋਹਾਂ ਪਾਸੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਜਿਸ ਕਾਰਨ ਲੋਕਾਂ ਦੇ ਵਿਰੋਧ ’ਤੇ ਟੋਲ ਪਲਾਜ਼ਾ ਵਾਲਿਆਂ ਨੇ ਨਿਯਮਾਂ ਦੇ ਅਨੁਸਾਰ ਜ਼ਿਆਦਾ ਸਮਾਂ ਗੱਡੀਆਂ ਖੜ੍ਹੀਆਂ ਰਹਿਣ ’ਤੇ ਬਿਨਾਂ ਪਰਚੀ ਕੱਟਿਆ ਗੱਡੀਆਂ ਟੋਲ ਪਲਾਜ਼ਾ ਤੋਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਜਦੋਂ ਉਹ ਆਪਣੀ ਗੱਡੀ ਲੈ ਕੇ ਟੋਲਪਲਾਜ਼ਾ ਵਿੱਚੋਂ ਲੰਘਣ ਲੱਗੇ ਤਾਂ ਇੱਕ ਸੁਰੱਖਿਆ ਕਰਮਚਾਰੀ ਨੇ ਉਨ੍ਹਾਂ ਦੀ ਗੱਡੀ ਰੋਕ ਕੇ ਪਰਚੀ ਕਟਾਉਣ ਨੂੰ ਕਿਹਾ ਤੇ ਇਸ ਕਾਰਨ ਬੋਲ- ਬੁਲਾਰਾ ਹੋ ਗਿਆ ਅਤੇ ਟੋਲ ਪਲਾਜ਼ਾ ਦੇ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਬੇਟੇ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਮਾਮਲਾ ਵਿਗੜਦਾ ਵੇਖ ਕੇ ਮੌਕੇ ਉਪਰ ਪੁਲੀਸ ਨੂੰ ਬੁਲਾਇਆ ਗਿਆ ਅਤੇ ਜੰਡਿਆਲਾ ਗੁਰੂ ਦੀ ਪੁਲੀਸ ਨੇ ਪਹੁੰਚ ਕੇ ਟੋਲ ਪਲਾਜ਼ਾ ਦੇ ਸੁਰੱਖਿਆ ਕਰਮੀ ਕੋਲੋਂ ਮੁਆਫ਼ੀ ਮੰਗਵਾ ਕੇ ਮਾਮਲਾ ਸ਼ਾਂਤ ਕੀਤਾ। ਮੌਕੇ ਉੱਪਰ ਮੌਜੂਦ ਲੋਕਾਂ ਨੇ ਕਿਹਾ ਇਹ ਟੋਲ ਪਲਾਜ਼ਾ ਅਕਸਰ ਹੀ ਸੁਰਖੀਆਂ ਵਿਚ ਰਹਿੰਦਾ ਹੈ ਅਤੇ ਇੱਥੋਂ ਦੇ ਸੁਰੱਖਿਆ ਮੁਲਾਜ਼ਮ ਹਰ ਕਿਸੇ ਨਾਲ ਬਦਤਮੀਜ਼ੀ ਨਾਲ ਪੇਸ਼ ਆਉਂਦੇ ਹਨ।
ਲੋਕਾਂ ਕਿਹਾ ਇੱਥੋਂ ਦੀਆਂ ਫਾਸਟੈਗ ਵਾਲੀਆਂ ਮਸ਼ੀਨਾਂ ਅਕਸਰ ਖਰਾਬ ਰਹਿੰਦੀਆਂ ਹਨ।ਫਿਰ ਜਦੋਂ ਫਾਸਟਟੈਗ ਸਕੈਨ ਨਹੀਂ ਹੁੰਦਾ ਤਾਂ ਇਹ ਟੋਲ ਪਲਾਜ਼ਾ ਵਾਲੇ ਦੁੱਗਣੀ ਰਕਮ ਵਸੂਲ ਕਰਕੇ ਫਾਸਟਟੈਗ ਲੱਗੇ ਹੋਣ ਦੇ ਬਾਵਜੂਦ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਦੇ ਹਨ ਅਤੇ ਗੁੰਡਾਗਰਦੀ ਕਰਦੇ ਹਨ। ਲੋਕਾਂ ਨੇ ਉੱਚ ਅਧਿਕਾਰੀਆਂ ਪਾਸੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।