ਗੁਰਦਾਸਪੁਰ (ਨਿੱਜੀ ਪੱਤਰ ਪੇ੍ਰਕ): ਇਥੇ ਤਿੱਬੜੀ ਰੋਡ ’ਤੇ ਗਾਂਧੀ ਸ਼ਿਲਪ ਬਾਜ਼ਾਰ ਮੇਲੇ ਵਿੱਚ ਬਤੌਰ ਸਕਿਉਰਿਟੀ ਗਾਰਡ ਕੰਮ ਕਰ ਰਹੇ ਇੱਕ 70 ਸਾਲ ਦੇ ਬਜ਼ੁਰਗ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਓਬਰਾਜ ਉੱਤਰ ਸ਼ੰਭੂ ਨਿਵਾਸੀ ਬੱਲਭਗੜ੍ਹ ਜ਼ਿਲ੍ਹਾ ਫ਼ਰੀਦਾਬਾਦ (ਹਰਿਆਣਾ) ਦੇ ਰੂਪ ਵਿਚ ਹੋਈ ਹੈ। ਓਬਰਾਜ ਬੀਤੀ 18 ਫਰਵਰੀ ਨੂੰ ਗੁਰਦਾਸਪੁਰ ਵਿੱਚ ਲੱਗਣ ਵਾਲੇ ਇਸ ਮੇਲੇ ਵਿੱਚ ਕੰਮ ਕਰਨ ਲਈ ਪਹੁੰਚਿਆ ਸੀ। ਐਤਵਾਰ ਸਵੇਰੇ ਕਰੀਬ ਤਿੰਨ ਵਜੇ ਓਬਰਾਜ ਜੰਗਲ ਪਾਣੀ ਲਈ ਗਿਆ ਪਰ ਵਾਪਸ ਨਹੀਂ ਪਰਤਿਆ। ਉਸ ਦੀ ਲਾਸ਼ ਔਜਲਾ ਬਾਈਪਾਸ ਪੁਲ ਦੇ ਕੋਲ ਪਈ ਮਿਲੀ। ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।