ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 26 ਅਕਤੂਬਰ
ਅੰਮ੍ਰਿਤਸਰ ਜਲੰਧਰ ਰੇਲ ਮਾਰਗ ਉੱਪਰ ਪਿੰਡ ਦੇਵੀਦਾਸਪੁਰਾ ਵਿੱਚ ਪਿਛਲੇ 32 ਦਿਨਾਂ ਤੋਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਚੱਲ ਰਿਹਾ ਰੇਲ ਰੋਕੋ ਅੰਦੋਲਨ ਮੌਸਮ ਦੇ ਮਿਜਾਜ਼ ਨੂੰ ਵੇਖਦਿਆਂ ਅੱਜ 33ਵੇਂ ਦਿਨ ਇੱਥੋਂ ਬਦਲ ਕੇ ਜੰਡਿਆਲਾ ਗੁਰੂ ਸਟੇਸ਼ਨ ਉਪਰ ਤਬਦੀਲ ਕਰ ਦਿੱਤਾ ਗਿਆ। ਇਸ ਬਾਰੇ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਮੌਸਮ ਦੇ ਬਦਲਣ ਕਾਰਨ ਠੰਢ ਵਧ ਰਹੀ ਹੈ ਅਤੇ ਤਰੇਲ ਪੈਣ ਕਾਰਨ ਰੇਲ ਪਟੜੀਆਂ ਉਪਰ ਲੱਗੀਆਂ ਚਾਨਣੀਆਂ ਗਿੱਲੀਆਂ ਹੋ ਜਾਂਦੀਆਂ ਸੀ ਅਤੇ ਟਰੈਕ ਉੱਪਰੋਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਵੀ ਲੰਘਦੀਆਂ ਹਨ ਜਿਸ ਨਾਲ ਹੇਠਾਂ ਕਰੰਟ ਆ ਜਾਂਦਾ ਸੀ ਅਤੇ ਚਾਨਣੀਆ ਵੀ ਹੇਠਾਂ ਵੱਲ ਝੁਕ ਜਾਂਦੀਆਂ ਸਨ। ਪੰਧੇਰ ਨੇ ਕਿਹਾ ਪਿਛਲੇ ਵਾਰ ਅੰਦੋਲਨ ਦੌਰਾਨ ਹਾਈ ਵੋਲਟੇਜ ਤਾਰਾਂ ਤੋਂ ਚਾਨਣੀਆਂ ਨੂੰ ਅੱਗ ਲੱਗ ਗਈ ਸੀ। ਇਸ ਲਈ ਇਹੋ ਜਿਹੇ ਵਿਚ ਸੰਘਰਸ਼਼ ਨੂੰ ਚਲਾਉਣ ਲਈ ਜਗ੍ਹਾ ਤਬਦੀਲ ਕਰਨੀ ਪਈ।