ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 13 ਜੂਨ
ਇਥੇ ਬਲਾਕ ਹਰਸ਼ਾ ਛੀਨਾ ਦੇ ਪਿੰਡ ਸੰਗਤਪੁਰਾ ਦੇ ਵਾਸੀਆਂ ਵੱਲੋਂ ਪਿੰਡ ਦੇ ਸਰਪੰਚ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਸਰਪੰਚ ਗੁਰਭਜਨ ਸਿੰਘ ਨੇ ਰਾਜਨੀਤਕ ਖਹਬਿਾਜ਼ੀ ਦੇ ਕਾਰਨ ਦੂਸਰੇ ਧੜੇ ਦੇ ਪਿੰਡ ਦੇ ਤਕਰੀਬਨ 64 ਲੋੜਵੰਦ ਵਿਅਕਤੀਆਂ ਦੇ ਰਾਸ਼ਨ ਕਾਰਡ ਕਟਵਾ ਦਿੱਤੇ ਹਨ। ਰਾਸ਼ਨ ਕਾਰਡ ਕੱਟਣ ਕਾਰਨ ਪਿੰਡ ਵਾਸੀ ਸਰਕਾਰ ਵੱਲੋਂ ਮਿਲਣ ਵਾਲੀ ਕਣਕ ਅਤੇ ਦਾਲ ਤੋਂ ਵਾਂਝੇ ਹੋ ਗਏ ਹਨ। ਇਸ ਮੌਕੇ ਪਿੰਡ ਵਾਸੀਆਂ ਨੇ ਸਾਬਕਾ ਸਰਪੰਚ ਦੀ ਅਗਵਾਈ ਵਿੱਚ ਮੌਜੂਦਾ ਸਰਪੰਚ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੋਂ ਇਹ ਮੰਗ ਕੀਤੀ ਗਈ ਕਿ ਉਹ ਸਰਪੰਚ ਵਲੋਂ ਕਟਵਾਏ ਗਏ ਰਾਸ਼ਨ ਕਾਰਡਾਂ ਦੀ ਜਾਂਚ ਕਰਵਾ ਕੇ ਯੋਗ ਲਾਭਪਾਤਰੀਆਂ ਦੇ ਕੱਟੇ ਕਾਰਡ ਦੁਬਾਰਾ ਬਣਾਉਣ ਲਈ ਉਪਰਾਲੇ ਕੀਤੇ ਜਾਣ।
ਸਰਪੰਚ ਨੇ ਦੋਸ਼ ਨਕਾਰੇ
ਪਿੰਡ ਸੰਗਤਪੁਰਾ ਦੇ ਮੌਜੂਦਾ ਸਰਪੰਚ ਗੁਰਭਜਨ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਕਿ ਕਿਸੇ ਵੀ ਵਿਅਕਤੀ ਦੇ ਰਾਸ਼ਨ ਕਾਰਡ ਨਹੀਂ ਕਟਵਾਏ ਜੇਕਰ ਫਿਰ ਵੀ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਉਹ ਅਧਿਕਾਰੀਆਂ ਕੋਲੋਂ ਉਨ੍ਹਾਂ ਖ਼ਿਲਾਫ਼ ਜਾਂਚ ਕਰਵਾ ਸਕਦਾ ਹੈ।