ਸੁਖਦੇਵ ਸੁੱਖ
ਅਜਨਾਲਾ, 30 ਜੁਲਾਈ
ਜ਼ਿਲ੍ਹਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੀ ਸਰਹੱਦੀ ਪੱਟੀ ਵਿੱਚੋਂ ਲੰਘਦਾ ਸੱਕੀ ਨਾਲਾ ਜੋ ਕਿਰਨ ਨਾਲੇ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ, ਬਰਸਾਤਾਂ ਦੇ ਦਿਨਾਂ ’ਚ ਫਸਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਸਿੰਜਾਈ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਵੈਲਪੁਰ ਕੋਹਲੀਆਂ ਤੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਲੋਧੀਗੁਜਰ ਤੱਕ ਕਰੀਬ 150 ਕਿਲੋਮੀਟਰ ਲੰਬੇ ਇਸ ਨਾਲੇ ਦਾ ਨਹਿਰੀਕਰਨ ਕਰਨ ਦੇ ਪ੍ਰਾਜੈਕਟ ਅਧੀਨ ਪੁਲ ਬਣਾਉਣ ਸਮੇਤ ਵਿੰਗੇ ਟੇਢੇ ਨਾਲੇ ਨੂੰ ਸਿੱਧਾ ਕਰਨ ਦੇ ਨਾਲ ਇਸ ਦੀ ਸਫ਼ਾਈ ਵੀ ਕਰਵਾਈ ਜਾਣੀ ਸੀ। ਇਸ ਦਾ 11 ਦਸੰਬਰ 2008 ਨੂੰ ਉਸ ਸਮੇਂ ਦੇ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਅਜਨਾਲਾ ਦੇ ਪਿੰਡ ਹਰੜ੍ਹਖੁਰਦ ਵਿੱਚ ਸੱਕੀ ਨਾਲੇ ਦੇ ਕੰਢੇ ’ਤੇ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਪਰ ਕੁਝ ਪੁਲ ਬਣਨ ਤੋਂ ਬਾਅਦ ਇਹ ਪ੍ਾਜੈਕਟ ਅਜੇ ਤੱਕ ਸ਼ੁਰੂ ਨਹੀ ਹੋ ਸਕਿਆ ਅਤੇ ਸੱਕੀ ਨਾਲੇ ਦੀ ਹਾਲਤ ਪਹਿਲਾਂ ਵਾਲੀ ਹੀ ਬਣੀ ਹੋਈ ਹੈ। ਪਾਸਿਆਂ ਤੋਂ ਰੁੱਖਾਂ ਸਮੇਤ ਜੜ੍ਹੀ-ਬੂਟੀਆਂ ਦਾ ਨਾਲੇ ਵਿੱਚ ਜਾਣ ਕਾਰਨ ਜਦ ਭਾਰੀ ਬਰਸਾਤ ਆਉਂਦੀ ਹੈ ਤਾਂ ਇਸ ਵਿੱਚ ਪਾਣੀ ਦੇ ਵਹਾਅ ਰੁਕ ਜਾਂਦਾ ਹੈ। ਸਿੱਟੇ ਵਜੋਂ ਓਵਰਫਲੋਅ ਹੋਣ ਕਾਰਨ ਨਾਲ ਲੱਗਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਹਨ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲ਼ਾਂ ਨੇ ਦੱਸਿਆ ਕਿ ਇਸ ਨਾਲੇ ਦੀ ਕਦੇ ਵੀ ਸਫਾਈ ਨਹੀਂ ਕੀਤੀ ਗਈ ਜਦ ਕਿ ਘਾਹ-ਫੂਸ ਇਕੱਠਾ ਹੋਣ ਨਾਲ ਪਾਣੀ ਦਾ ਵਹਾਅ ਪੂਰਾ ਰੁਕਣ ਕਾਰਨ ਫਸਲਾਂ, ਪਸ਼ੂਆਂ ਅਤੇ ਲੋਕਾਂ ਦਾ ਜਾਨੀ ਨੁਕਸਾਨ ਹੁੰਦਾ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਇਸ ਨਾਲੇ ਦੀ ਸਫਾਈ ਕੀਤੀ ਜਾਵੇ।
ਇਸ ਸਬੰਧੀ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਨਾਲਾ ਸਰਹੱਦੀ ਖੇਤਰ ਵਿੱਚ ਹੋਣ ਕਾਰਨ ਇਸ ਪ੍ਾਜੈਕਟ ਨੂੰ ਸ਼ੁਰੂ ਕਰਨ ਲਈ ਸੁਰੱਖਿਆ ਦੇ ਮੱਦੇਨਜ਼ਰ ਫੌਜ ਤੋਂ ਇਜਾਜ਼ਤ ਨਹੀਂ ਮਿਲੀ ਪਰ ਹੁਣ ਫਿਰ ਇਸ ਸਬੰਧੀ ਦੁਬਾਰਾ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।