ਕੇ.ਪੀ ਸਿੰਘ
ਗੁਰਦਾਸਪੁਰ, 30 ਜੂਨ
ਦੀਨਾਨਗਰ ਪੁਲੀਸ ਸਟੇਸ਼ਨ ਅਧੀਨ ਆਉਂਦੇ ਪਿੰਡ ਝੰਡੇ ਚੱਕ ਵਿੱਚ ਸੋਮਵਾਰ ਰਾਤ ਕਰੀਬ ਪੌਣ ਦਸ ਵਜੇ ਪੁਲੀਸ ਵਰਦੀ ਵਿੱਚ ਆਏ ਲੁਟੇਰਿਆਂ ਨੇ ਸਾਮਾਨ ਲੈਣ ਦੇ ਬਹਾਨੇ ਕਰਿਆਨੇ ਦੀ ਦੁਕਾਨ ਨੂੰ ਖੁੱਲ੍ਹਵਾਇਆ ਅਤੇ ਫਿਰ ਦੁਕਾਨਦਾਰ ਨੂੰ ਪਿਸਤੌਲ ਦੀ ਨੋਕ ’ਤੇ ਉੱਪਰਲੀ ਮੰਜ਼ਿਲ ਸਥਿਤ ਉਸ ਦੇ ਘਰ ਲਿਜਾ ਕੇ ਲੁੱਟ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਲੁਟੇਰੇ ਨਿਸ਼ਾਂਤ ਮਹਾਜਨ ਦੇ ਘਰੋਂ ਉਸ ਦੇ ਪਿਤਾ ਰਵਿੰਦਰ ਮਹਾਜਨ ਅਤੇ ਪਤਨੀ ਰਸ਼ਮੀ ਤੋਂ ਪਿਸਤੌਲ ਦੀ ਨੋਕ ਤੇ ਦੋ ਤੋਲੇ ਸੋਨੇ ਦੀ ਚੇਨ, 58 ਹਜ਼ਾਰ ਪੰਜ ਸੌ ਰੁਪਏ ਨਕਦ, ਦੋ ਮੋਬਾਈਲ ਲੁੱਟ ਕੇ ਫ਼ਰਾਰ ਹੋ ਗਏ। ਜਾਂਦੇ ਹੋਏ ਲੁਟੇਰੇ ਭੱਜਣ ਸਮੇਂ ਉਹ ਤਿੰਨਾਂ ਨੂੰ ਬਾਥਰੂਮ ਵਿੱਚ ਬੰਦ ਕਰ ਗਏ ਪਰ ਬਾਹਰੋਂ ਸਹੀ ਤਰ੍ਹਾਂ ਕੁੰਡੀ ਨਹੀਂ ਲਗਾ ਸਕੇ ਪਰ ਦੁਕਾਨ ਦਾ ਸ਼ਟਰ ਬਾਹਰ ਤੋਂ ਬੰਦ ਕਰ ਗਏ। ਇਸ ਤੋਂ ਇਲਾਵਾ ਉਹ ਸੀਸੀਟੀਵੀ ਕੈਮਰਿਆਂ ਦੀ ਹਾਰਡ ਡਿਸਕ ਵੀ ਨਾਲ ਲੈ ਗਏ। ਵਾਰਦਾਤ ਮੌਕੇ ਨਿਸ਼ਾਂਤ ਮਹਾਜਨ ਦੀ ਮਾਂ ਪ੍ਰਵੇਸ਼, ਉਸ ਦਾ ਭਰਾ ਰਾਜਨ ਅਤੇ ਬੱਚੇ ਹੇਠਾਂ ਵਾਲੇ ਘਰ ਵਿੱਚ ਸਨ ।ਲੁਟੇਰਿਆਂ ਦੇ ਭੱਜਦਿਆਂ ਹੀ ਬਾਥਰੂਮ ਵਿੱਚ ਬੰਦ ਕੀਤੇ ਪਰਿਵਾਰ ਦੇ ਤਿੰਨੋਂ ਮੈਂਬਰ ਬਾਹਰ ਨਿਕਲ ਕੇ ਪਿਛਲੇ ਦਰਵਾਜ਼ੇ ਰਾਹੀਂ ਹੇਠਾਂ ਉਤਰ ਆਏ ਅਤੇ ਦੂਸਰੇ ਲੜਕੇ ਰਾਜਨ ਨੂੰ ਸਾਰੀ ਗੱਲ ਦੱਸੀ ਜਿਸ ਤੇ ਰਾਜਨ ਅਤੇ ਨਿਸ਼ਾਂਤ ਨੇ ਗੁਆਂਢ ਰਹਿੰਦੇ ਰਮਨਦੀਪ ਅਤੇ ਉਸ ਦੇ ਭਰਾ ਅਨਿਲ ਨੂੰ ਨਾਲ ਲੈ ਕੇ ਆਪਣੀ ਕਾਰ ਵਿੱਚ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਲੁਟੇਰ ਭੱਜਣ ਵਿੱਚ ਸਫਲ ਹੋ ਗਏ। ਲੁਟੇਰਿਆਂ ਨੇ ਵਾਰਦਾਤ ਵਾਲੀ ਜਗ੍ਹਾ ਤੋਂ ਦੋ ਸੌ ਮੀਟਰ ਦੂਰ ਬਾਈਪਾਸ ਮੋੜ ਤੇ ਰੈਸਟੋਰੈਂਟ ਦੇ ਬਾਹਰ ਆਪਣੀ ਬਰੀਜਾ ਕਾਰ ਖੜ੍ਹੀ ਕੀਤੀ ਸੀ। ਭੱਜਦੇ ਹੋਏ ਉਹ ਕਾਰ ਦੇ ਕੋਲ ਪਹੁੰਚੇ ਹੀ ਸਨ ਕਿ ਨਿਸ਼ਾਂਤ ਅਤੇ ਰਾਜਨ ਨੇ ਆਪਣੀ ਕਾਰ ਉਨ੍ਹਾਂ ’ਤੇ ਚੜ੍ਹਾ ਦਿੱਤੀ।ਪੁਲਿਸ ਵਰਦੀ ਵਿਚ ਆਏ ਇੱਕ ਲੁਟੇਰੇ ਦੀ ਲੱਤ ਟੁੱਟ ਗਈ। ਉਸ ਦੇ ਹੱਥ ਵਿਚ ਫੜਿਆ ਪਿਸਤੌਲ ਸੜਕ ’ਤੇ ਡਿਗ ਪਿਆ।
ਵਾਰਦਾਤ ਦੀ ਸੂਚਨਾ ਮਿਲਣ ਤੇ ਥਾਣਾ ਮੁਖੀ ਕੁਲਵਿੰਦਰ ਸਿੰਘ ਪੁਲੀਸ ਫੋਰਸ ਨਾਲ ਮੌਕੇ ’ਤੇ ਪਹੁੰਚੇ ਅਤੇ ਲੁਟੇਰਿਆਂ ਦਾ ਪਿਸਤੌਲ ਅਤੇ ਕਾਰਤੂਸ ਕਬਜ਼ੇ ਵਿੱਚ ਲੈ ਲਿਆ। ਦੀਨਾਨਗਰ ਪੁਲਿਸ ਨੇ ਪੰਜ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ।