ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 4 ਅਪਰੈਲ
ਅੱਜ ਇਥੋਂ ਨਜ਼ਦੀਕੀ ਨਿੱਜਰਪੁਰਾ ਟੌਲ ਪਲਾਜ਼ਾ ’ਤੇ ਪੰਜਾਬ ਰੋਡਵੇਜ਼ ਚੰਡੀਗੜ੍ਹ ਡਿਪੂ ਦੀ ਬੱਸ ਚੰਡੀਗੜ੍ਹ ਤੋਂ ਅੰਮ੍ਰਿਤਸਰ ਆ ਰਹੀ ਸੀ ਨੂੰ ਟੌਲ ਦੀ ਸਾਈਡ ਲੇਨ ਤੋਂ ਜ਼ਬਰਦਸਤੀ ਕੱਢਣ ਲੱਗਿਆਂ ਬੱਸ ਡਰਾਈਵਰ ਤੇ ਟੌਲ ਮੁਲਾਜ਼ਮਾਂ ਦਾ ਝਗੜਾ ਹੋ ਗਿਆ, ਜਿਸ ਕਾਰਨ ਰੋਡਵੇਜ਼ ਮੁਲਾਜ਼ਮਾਂ ਨੇ ਆਪਣੀਆਂ ਬੱਸਾਂ ਟੌਲ ਪਲਾਜ਼ਾ ਉੱਤੇ ਜੀਟੀ ਰੋਡ ਵਿਚਕਾਰ ਖੜ੍ਹੀਆਂ ਕਰ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਰੋਡਵੇਜ਼ ਦੀ ਬੱਸ ਪੀਬੀ 65 ਬੀਬੀ 5361ਦੇ ਡਰਾਈਵਰ ਜਰਨੈਲ ਸਿੰਘ ਨੇ ਦੱਸਿਆ ਉਹ ਆਪਣੇ ਕੰਡਕਟਰ ਸਾਥੀ ਰਣਧੀਰ ਸਿੰਘ ਨਾਲ ਚੰਡੀਗੜ੍ਹ ਤੋਂ ਸਵਾਰੀਆਂ ਲੈ ਕੇ ਅੰਮ੍ਰਿਤਸਰ ਆ ਰਿਹਾ ਸੀ ਅਤੇ ਜਦੋਂ ਉਹ ਨਿੱਜਰਪੁਰਾ ਟੌਲ ਪਲਾਜ਼ਾ ‘ਤੇ ਪਹੁੰਚਿਆ ਤਾਂ ਗੱਡੀਆਂ ਦੀ ਕਤਾਰ ਲੱਗੀ ਹੋਣ ਕਾਰਨ ਸਾਈਡ ਲੇਨ ਵਿੱਚੋਂ ਟੌਲ ਮੁਲਾਜ਼ਮ ਹੋਰ ਗੱਡੀਆਂ ਕੱਢ ਰਹੇ ਸਨ ਅਤੇ ਉਹ ਵੀ ਆਪਣੀ ਬੱਸ ਕੱਢਣ ਲੱਗਿਆ ਤਾਂ ਟੌਲ ਮੁਲਾਜ਼ਮਾਂ ਨੇ ਉਸ ਦੀ ਬੱਸ ਦੇ ਅੱਗੇ ਬੈਰੀਕੇਡ ਕਰਕੇ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਹੱਥੋਪਾਈ ਹੋਣ ਲੱਗੇ ਜਿਸ ਕਾਰਨ ਉਸ ਦੀ ਵਰਦੀ ਵੀ ਪਾੜ ਗਈ। ਉਸ ਨੇ ਕਿਹਾ ਇਸ ਕਾਰਨ ਉਨ੍ਹਾਂ ਨੂੰ ਆਪਣੀ ਬੱਸ ਦੀਆਂ ਸਵਾਰੀਆਂ ਵੀ ਦੂਸਰੀ ਬੱਸ ਰਾਹੀਂ ਅੰਮ੍ਰਿਤਸਰ ਭੇਜਣੀਆਂ ਪਈਆਂ ਅਤੇ ਉਨ੍ਹਾਂ ਦਾ ਅੰਮ੍ਰਿਤਸਰ ਤੋਂ ਚੰਡੀਗੜ੍ਹ ਵਾਲਾ ਸਮਾਂ ਵੀ ਨਿਕਲ ਗਿਆ।ਇਸ ਸਬੰਧੀ ਟੌਲ ਮੈਨਜਰ ਦੇਵੀ ਲਾਲ ਨੇ ਇੱਕ ਵੀਡੀਓ ਜਾਰੀ ਕਰਦਿਆਂ ਹੋਇਆਂ ਕਿਹਾ ਜਦੋਂ ਰੋਡਵੇਜ਼ ਦੀ ਇਹ ਬੱਸ ਟੌਲ ’ਤੇ ਪਹੁੰਚੀ ਤਾਂ ਓਦੋਂ ਟੌਲ ਦੀਆਂ ਸਾਰੀਆਂ ਲੇਨਾ ਬਿਲਕੁਲ ਖਾਲੀ ਸਨ ਅਤੇ ਇਹ ਡਰਾਈਵਰ ਜ਼ਬਰਦਸਤੀ ਟੌਲ ਮੁਲਾਜ਼ਮ ਨੂੰ ਆਪਣੀ ਬੱਸ ਦੇ ਅੱਗੇ ਘੜੀਸਦਾ ਹੋਇਆ ਲੈ ਜਾਣ ਲੱਗਾ। ਮੈਨੇਜਰ ਨੇ ਕਿਹਾ ਗੱਲ ਇੱਥੇ ਹੀ ਖ਼ਤਮ ਨਹੀਂ ਹੋਈ ਇਸ ਤੋਂ ਬਾਅਦ ਰੋਡਵੇਜ਼ ਮੁਲਾਜ਼ਮ ਨੇ ਹੋਰ ਬੱਸਾਂ ਨੂੰ ਵੀ ਟੌਲ ਉੱਤੇ ਰੋਕ ਕੇ ਸਾਰਾ ਟੌਲ ਜਾਮ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਨੂੰ ਪੁਲੀਸ ਨੂੰ ਬੁਲਾਉਣਾ ਪਿਆ ਅਤੇ ਮੌਕੇ ’ਤੇ ਐੱਸਐਚਓ ਜੰਡਿਆਲਾ ਗੁਰੂ ਬਲਕਾਰ ਸਿੰਘ ਨੇ ਆ ਕੇ ਸਥਿਤੀ ਨੂੰ ਸੰਭਾਲਿਆ ਅਤੇ ਜਾਮ ਖੁੱਲ੍ਹਵਾਇਆ। ਐੱਸਐੱਚਓ ਨੇ ਦੱਸਿਆ ਦੋਹਾਂ ਧਿਰਾਂ ਨੂੰ ਥਾਣੇ ਬੁਲਾ ਕੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।