ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 17 ਸਤੰਬਰ
ਇੱਥੋਂ ਨੇੜਲੇ ਪਿੰਡ ਜਾਣੀਆਂ ਕਲੋਨੀ ਦੇ ਵਾਸੀਆਂ ਨੇ ਪਿੰਡ ਦੇ ਛੱਪੜ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਜੰਡਿਆਲਾ ਗੁਰੂ ਤਰਨ ਤਾਰਨ ਸੜਕ ਉੱਪਰ ਧਰਨਾ ਲਗਾ ਦਿੱਤਾ। ਇਸ ਮੌਕੇ ਪਿੰਡ ਜਾਣੀਆਂ ਦੇ ਸਰਪੰਚ ਸਿਕੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਕਿਹਾ ਇਸ ਛੱਪੜ ਦੇ ਗੰਦੇ ਪਾਣੀ ਦੇ ਨਿਕਾਸ ਦਾ ਮਸਲਾ ਕਰੀਬ 20 ਸਾਲ ਪੁਰਾਣਾ ਹੈ। ਇੱਥੇ ਕਰੀਬ 150 ਘਰ ਮੌਜੂਦ ਹਨ, ਜਿਨ੍ਹਾਂ ਦਾ ਗੰਦਾ ਪਾਣੀ ਇਸ ਛੋਟੇ ਜਿਹੇ ਛੱਪੜ ਵਿਚ ਪੈਂਦਾ ਹੈ। ਛੱਪੜ ਭਰਨ ਮਗਰੋਂ ਗੰਦਾ ਪਾਣੀ ਸੜਕ ਉੱਪਰ, ਪਿੰਡ ਦੀਆਂ ਗਲੀਆਂ ਅਤੇ ਘਰਾਂ ਵਿੱਚ ਵੜ ਜਾਂਦਾ ਹੈ। ਗੰਦਾ ਪਾਣੀ ਖੜ੍ਹਨ ਕਾਰਨ ਸੜਕ ’ਤੇ ਟੋਏ ਪਏ ਹੋਏ ਹਨ। ਇਸ ਕਾਰਨ ਰਾਹਗੀਰ ਡਿੱਗ ਕੇ ਜ਼ਖ਼ਮੀ ਹੋ ਚੁੱਕੇ ਹਨ। ਸਰਪੰਚ ਨੇ ਦੱਸਿਆ ‘ਆਪ’ ਸਰਕਾਰ ਨੇ ਇਸ ਛੱਪੜ ਦੇ ਸਾਹਮਣੇ ਤਰਨ ਤਾਰਨ ਜਾਣ ਲਈ ਸੜਕ ਦਾ ਹਿੱਸਾ ਉੱਚਾ ਚੁੱਕ ਕੇ ਇੰਟਰਲਾਕ ਟਾਈਲਾਂ ਲਗਾ ਦਿੱਤੀਆਂ ਗਈਆਂ। ਇਸ ਨਾਲ ਇੱਥੋਂ ਤਾਂ ਪਾਣੀ ਖਲ੍ਹੋਣਾ ਹਟ ਗਿਆ ਪਰ ਇਸ ਦੇ ਨਜ਼ਦੀਕ ਹੀ ਸਰਕਾਰੀ ਸਕੂਲ ਅਤੇ ਗੁਰਦੁਆਰੇ ਸਾਹਮਣੇ ਪਾਣੀ ਖੜ੍ਹਾ ਹੋਣ ਲੱਗ ਗਿਆ ਹੈ। ਇਸ ਕਾਰਨ ਸੜਕ ਟੁੱਟ ਗਈ ਹੈ। ਉਨ੍ਹਾਂ ਕਿਹਾ ਇਸ ਸਾਰੀ ਮੁਸ਼ਕਲ ਦਾ ਕੁਝ ਕਾਰਨ ਗੰਦੇ ਪਾਣੀ ਦੀ ਨਿਕਾਸੀ ਨਾ ਹੋਣਾ ਹੈ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀ ਨਿਕਾਸੀ ਨਾਲੇ ਦੀ ਉਸਾਰੀ ਨਹੀਂ ਹੋਣ ਦੇ ਰਹੇ। ਕਰੀਬ ਡੇਢ ਘੰਟਾ ਆਵਾਜਾਈ ਬੰਦ ਰਹਿਣ ਕਾਰਨ ਵਾਹਨਾਂ ਨੂੰ ਦੂਜੀ ਸੜਕ ਉੱਪਰ ਭੇਜਿਆ ਗਿਆ।
ਇਸ ਮੌਕੇ ਪੀਡਬਲਿਊਡੀ ਦੇ ਐਕਸੀਅਨ ਇੰਦਰਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸੋਮਵਾਰ ਤੱਕ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੱਢ ਦਿੱਤਾ ਜਾਵੇਗਾ। ਇਸ ਉਪਰੰਤ ਪਿੰਡ ਵਾਸੀਆਂ ਨੇ ਧਰਨਾ ਚੁੱਕ ਲਿਆ।