ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 28 ਅਕਤੂਬਰ
ਬੀਤੇ 24 ਘੰਟਿਆਂ ਦੌਰਾਨ ਸ਼ਹਿਰ ਵਿੱਚ ਵਾਪਰੇ ਦੋ ਵੱਖ ਵੱਖ ਸੜਕ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਕ ਸੜਕ ਹਾਦਸਾ ਸਥਾਨਕ ਗਵਾਲ ਮੰਡੀ ਵਿੱਚ ਵਾਪਰਿਆ, ਜਿੱਥੇ ਇੱਕ ਕਾਰ ਦੇ ਟਰੱਕ ਵਿਚ ਵੱਜਣ ਕਾਰਨ ਇਕ ਨੌਜਵਾਨ ਅਮਿਤ ਸਿੰਘ ਦੀ ਮੌਤ ਹੋ ਗਈ। ਪੁਲੀਸ ਨੇ ਇਸ ਸਬੰਧ ਵਿਚ ਕੇਸ ਦਰਜ ਕਰ ਲਿਆ ਹੈ ਪਰ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਕ ਹੋਰ ਸੜਕ ਹਾਦਸਾ ਮਕਬੂਲਪੁਰਾ ਥਾਣੇ ਹੇਠ ਆਉਂਦੇ ਇਲਾਕੇ ਵਿੱਚ ਵਾਪਰਿਆ। ਸ਼ਿਕਾਇਤਕਰਤਾ ਸੋਨਮ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਪਿਤਾ ਅਤੇ ਉਸ ਦਾ ਭਰਾ ਫੋਕਲ ਪੁਆਇੰਟ ਵਿੱਚ ਇਕ ਸਮਾਗਮ ਲਈ ਜਾ ਰਹੇ ਸਨ। ਇਸ ਦੌਰਾਨ ਪਿੱਛੋਂ ਤੇਜ਼ ਰਫਤਾਰ ਨਾਲ ਆਏ ਇਕ ਮੋਟਰਸਾਈਕਲ ਨੇ ਉਸ ਦੇ ਪਿਤਾ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੇ ਪਿਤਾ ਜ਼ਖ਼ਮੀ ਹੋ ਕੇ ਹੇਠਾਂ ਡਿੱਗ ਗਏ ਅਤੇ ਉਨ੍ਹਾਂ ਦੇ ਸਿਰ ਵਿਚ ਸੱਟ ਲੱਗੀ। ਹਸਪਤਾਲ ’ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲੀਸ ਨੇ ਇਸ ਸੰਬੰਧ ਵਿਚ ਧੋਨੀ ਨਾਂ ਦੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ ਪਰ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਸ੍ਰੀ ਗੋਇੰਦਵਾਲ ਸਾਹਿਬ(ਪੱਤਰ ਪ੍ਰੇਰਕ): ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਕੋਟ ਮੋਹੰਮਦ ਖਾਂ ਵਿੱਚ ਆਪਣੇ ਵਿਆਹ ਦੇ ਕਾਰਡ ਦੇਣ ਜਾ ਰਹੇ ਨੌਜਵਾਨਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਵੱਖ ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਦੋਹਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਜ਼ਖਮੀ ਹੋਏ ਨੌਜਵਾਨਾਂ ਦੀ ਪਛਾਣ ਪਰਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਅਤੇ ਸ਼ਰਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਵਾਰਡ ਨੰਬਰ-1, ਮਜੀਠਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਪਰਦੀਪ ਸਿੰਘ ਦੀ ਮੌਤ ਹੋ ਗਈ ਤੇ ਕੁਝ ਦੇਰ ਬਾਅਦ ਸ਼ਰਨਜੀਤ ਸਿੰਘ ਦੀ ਵੀ ਮੌਤ ਹੋ ਗਈ।
ਆਦਮਪੁਰ ਦੋਆਬਾ (ਜਲੰਧਰ) (ਪੱਤਰ ਪ੍ਰੇਰਕ): ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਸਥਿਤ ਅੱਡਾ ਕਾਹਨਪੁਰ ਨੇੜੇ ਇਕ ਅਣਪਛਾਤੇ ਵਾਹਨ ਦੇ ਚਾਲਕ ਵੱਲੋਂ ਮਾਰੀ ਟੱਕਰ ਕਾਰਨ ਇਕ ਸਾਈਕਲ ਸਵਾਰ ਦੀ ਮੌਤ ਹੋ ਗਈ। ਥਾਣਾ ਮਕਸੂਦਾਂ ਦੇ ਸਬ ਇੰਸਪੈਕਟਰ ਕੁਲਵੀਰ ਸਿੰਘ ਨੇ ਦੱਸਿਆ ਕਿ ਨਵੀਨ ਕੁਮਾਰ ਪੁੱਤਰ ਲਾਲ ਬਿਹਾਰੀ ਵਾਸੀ ਨਿਊ ਹਰਗੋਬਿੰਦਪੁਰ ਨਗਰ, ਜਲੰਧਰ ਬੱਲਾ ਨੇੜੇ ਇਕ ਫੈਕਟਰੀ ਵਿੱਚ ਕੰਮ ਕਰਦਾ ਸੀ। ਉਹ ਬੀਤੇ ਦਿਨ ਆਪਣੀ ਡਿਊਟੀ ਖਤਮ ਹੋਣ ਤੋਂ ਬਾਅਦ ਸਵੇਰੇ 6 ਵਜੇ ਜਦੋਂ ਘਰ ਜਾ ਰਿਹਾ ਸੀ ਤਾਂ ਉਸ ਦੇ ਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸੇ ’ਚ ਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਫਗਵਾੜਾ (ਪੱਤਰ ਪ੍ਰੇਰਕ): ਇੱਥੇ ਜੀ.ਟੀ. ਰੋਡ ’ਤੇ ਬੀਤੇ ਦਿਨ ਵਾਪਰੇ ਇਕ ਸੜਕ ਹਾਦਸੇ ਵਿੱਚ ਇਕ ਮਹਿਲਾ ਦੀ ਮੌਤ ਹੋ ਗਈ। ਇਸ ਸਬੰਧ ਵਿੱਚ ਥਾਣਾ ਸਦਰ ਦੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 279, 337, 304-ਏ ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਪ੍ਰਿਯਾ ਕੌੜਾ ਪੁੱਤਰੀ ਸਵਰਗੀ ਧਰਮਿੰਦਰ ਕੌੜਾ ਵਾਸੀ ਬਾਂਸਾ ਬਾਜ਼ਾਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਅੱਜ ਆਪਣੀ ਮਾਤਾ ਮਮਤਾ ਅਤੇ ਆਪਣੀ ਲੜਕੀ ਨੂੰ ਲੈ ਕੇ ਜਲੰਧਰ ਤੋਂ ਫਗਵਾੜਾ ਵੱਲ ਨੂੰ ਆ ਰਹੀ ਸੀ। ਇਸ ਦੌਰਾਨ ਜਦੋਂ ਉਹ ਹੋਟਲ ਕਬਾਨਾ ਲਾਗੇ ਪੁੱਜੇ ਤਾਂ ਇੱਕ ਤੇਜ਼ ਰਫ਼ਤਾਰ ਟਰਾਲਾ ਆਇਆ ਜਿਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਉਸ ਦੀ ਮਾਤਾ ਮਮਤਾ ਦੀ ਮੌਤ ਹੋ ਗਈ। ਪੁਲੀਸ ਨੇ ਅਣਪਛਾਤੇ ਖਿਲਾਫ਼ ਕੇਸ ਦਰਜ ਕੀਤਾ ਹੈ।
ਟਰੱਕ ਬੇਕਾਬੂ ਹੋ ਕੇ ਪਲਟਿਆ, ਕਲੀਨਰ ਦੀਆਂ ਲੱਤਾਂ ਟੁੱਟੀਆਂ
ਫਗਵਾੜਾ (ਪੱਤਰ ਪ੍ਰੇਰਕ): ਇੱਥੇ ਅੱਜ ਖੰਡ ਮਿੱਲ ਚੌਕ ਵਿਖੇ ਇੱਕ ਕਾਰ ਨੂੰ ਬਚਾਉਂਦੇ ਹੋਏ ਇਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਇਸ ਦੌਰਾਨ ਕਲੀਨਰ ਟਰੱਕ ਦੇ ਅੰਦਰ ਹੀ ਫੱਸ ਗਿਆ ਤੇ ਗੰਭੀਰ ਜ਼ਖਮੀ ਹੋ ਗਿਆ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਟਰੱਕ ਦੀਆਂ ਸਾਈਡਾਂ ਤੋੜ ਕੇ ਬੜੀ ਮੁਸ਼ਕਿਲ ਨਾਲ ਉਸ ਨੂੰ ਬਾਹਰ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਦੇਣ ਮਗਰੋਂ ਜਲੰਧਰ ਦੇ ਹਸਪਾਤਲ ਰੈਫ਼ਰ ਕਰ ਦਿੱਤਾ ਗਿਆ।