ਐੱਨਪੀ ਧਵਨ
ਪਠਾਨਕੋਟ, 28 ਅਪਰੈਲ
ਰਾਈਜ਼ਿੰਗ ਸਟਾਰ ਕੋਰ ਦੇ ਮੁਖੀ ਲੈਫਟੀਨੈਂਟ ਜਨਰਲ ਪੁਸ਼ਪਿੰਦਰ ਸਿੰਘ ਨੇ ਗੁਰਜ ਡਿਵੀਜ਼ਨ ਅਧੀਨ ਪੈਂਦੇ ਖੇਤਰ ਦਾ ਦੌਰਾ ਕੀਤਾ ਅਤੇ ਅਪਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਗੁਰਜ ਡਿਵੀਜ਼ਨ ਦੇ ਸਾਰੇ ਅਧਿਕਾਰੀਆਂ ਤੇ ਸੈਨਿਕਾਂ ਦਾ ਮਨੋਬਲ ਵਧਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਫੌਜ ਦੀ ਯੋਗਤਾ ਉਪਰ ਪੂਰਨ ਭਰੋਸਾ ਹੈ ਕਿ ਉਹ ਦੁਸ਼ਮਣ ਦੇਸ਼ ਵੱਲੋਂ ਪੈਦਾ ਕੀਤੀ ਕਿਸੇ ਵੀ ਸਥਿਤੀ ਦਾ ਮੂੰਹ ਤੋੜ ਜਵਾਬ ਦੇਣ ਦੇ ਸਮਰੱਥ ਹਨ। ਡਿਫੈਂਸ ਦੇ ਪੀਆਰਓ ਲੈਫਟੀਨੈਂਟ ਕਰਨਲ ਦੇਵਿੰਦਰ ਆਨੰਦ ਨੇ ਦੱਸਿਆ ਕਿ ਕੋਰ ਮੁਖੀ ਨੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਠਾਨਕੋਟ-ਜੰਮੂ ਖਿੱਤੇ ਦੇ ਮੂਹਰਲੇ ਖੇਤਰਾਂ ਦੇ ਸੁਰੱਖਿਆ ਪ੍ਰਬੰਧਾਂ ਅਤੇ ਇਨ੍ਹਾਂ ਖੇਤਰਾਂ ਵਿੱਚ ਤਾਇਨਾਤ ਫੌਜ ਦੀ ਅਪਰੇਸ਼ਨਲ ਤਿਆਰੀ ਦਾ ਨਿਰੀਖਣ ਕੀਤਾ। ਗੁਰਜ ਡਿਵੀਜ਼ਨ ਵਿੱਚ ਤਾਇਨਾਤ ਫੌਜ ਦੇ ਅਧਿਕਾਰੀਆਂ ਨੇ ਕੋਰ ਮੁਖੀ ਨੂੰ ਸਰਹੱਦੀ ਖੇਤਰ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।