ਪੱਤਰ ਪ੍ਰੇਰਕ
ਧਾਰੀਵਾਲ, 12 ਅਕਤੂਬਰ
ਕਸਬਾ ਕਲਾਨੌਰ ਦੀ ਮੁੱਖ ਦਾਣਾ ਮੰਡੀ ਵਿਚ ਅੱਜ ਤਹਿਸੀਲਦਾਰ ਕਲਾਨੌਰ ਪਰਮਪ੍ਰੀਤ ਸਿੰਘ ਗੁਰਾਇਆ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਜਿਥੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ, ਉੱਥੇ ਮੰਡੀ ਵਿੱਚ ਆਏ ਕਿਸਾਨਾਂ ਸਮੇਤ ਆੜ੍ਹਤੀਆਂ ਨਾਲ ਵੀ ਗੱਲਬਾਤ ਕੀਤੀ। ਸ੍ਰੀ ਗੁਰਾਇਆ ਵੱਲੋਂ ਮੰਡੀ ’ਚ ਕਿਸਾਨਾਂ ਦੀ ਖ਼ਰੀਦ ਕੀਤੀ ਗਈ ਜਿਣਸ ਦੀ ਤੋਲ ਦੀ ਜਾਂਚ ਵੀ ਕੀਤੀ ਗਈ ਅਤੇ ਸੰਤੁਸ਼ਟੀ ਪ੍ਰਗਟਾਈ ਗਈ। ਉਨ੍ਹਾਂ ਕਿਹਾ ਕਿ ਮੰਡੀ ’ਚ ਆਏ ਕਿਸਾਨਾਂ ਨੂੰ ਜਿਣਸ ਵੇਚਣ ’ਚ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀਆਂ ਹਦਾਇਤਾਂ ਤਹਿਤ ਖਰੀਦ ਦੇ ਸੁਚਾਰੂ ਪ੍ਰਬੰਧ ਨਿਰੰਤਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਮੰਡੀ ’ਚ ਜਿਣਸ ਖਰੀਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਲਿਫਟਿੰਗ ਵੀ ਸਮੇਂ ਸਿਰ ਹੋਣ ਦੇ ਨਾਲ ਨਾਲ ਕਿਸਾਨਾਂ ਦੀ ਅਦਾਇਗੀ ਵੀ ਖਾਤਿਆਂ ’ਚ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਡੀ ਕਲਾਨੌਰ ਵਿੱਚ ਹੁਣ ਤੱਕ ਸਰਕਾਰੀ ਖ਼ਰੀਦ ਏਜੰਸੀ ਪਨਗਰੇਨ ਵੱਲੋਂ 22,300, ਪਨਸਪ ਵੱਲੋਂ 22,941, ਮਾਰਕਫੈੱਡ ਵੱਲੋਂ 28,700 ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਮੌਕੇ ਮਾਰਕੀਟ ਕਮੇਟੀ ਕਲਾਨੌਰ ਦੇ ਲੇਖਾਕਾਰ ਸਵਿੰਦਰ ਸਿੰਘ ਦਾਲਮ, ਮੁਖਵਿੰਦਰਜੀਤ ਸਿੰਘ ਆਦਿ ਹਾਜ਼ਰ ਸਨ।