ਐੱਨਪੀ ਧਵਨ
ਪਠਾਨਕੋਟ, 30 ਨਵੰਬਰ
ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਦਫਤਰ ਡਿਪਟੀ ਕਮਿਸ਼ਨਰ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਵਿਭਾਗਾਂ ਵਿੱਚ ਚਲਾਈਆਂ ਜਾ ਰਹੀਆਂ ਜਨ-ਭਲਾਈ ਅਤੇ ਵਿਕਾਸ ਕਾਰਜਾਂ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ, ਵਿਧਾਇਕ ਪਠਾਨਕੋਟ ਅਮਿਤ ਵਿੱਜ, ਵਿਧਾਇਕ ਭੋਆ ਜੋਗਿੰਦਰ ਪਾਲ, ਪ੍ਰਭਜੋਤ ਸਿੰਘ ਵਿਰਕ ਐੱਸਪੀ ਡਿਟੈਕਟਿਵ, ਸੁਭਾਸ਼ ਚੰਦਰ ਵਧੀਕ ਡਿਪਟੀ ਕਮਿਸ਼ਨਰ (ਜ), ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਗੁਰਸਿਮਰਨ ਸਿੰਘ ਢਿੱਲੋਂ ਐੱਸਡੀਐੱਮ, ਮੇਅਰ ਪੰਨਾ ਲਾਲ ਭਾਟੀਆ, ਚੇਅਰਮੈਨ ਅਨਿਲ ਦਾਰਾ ਆਦਿ ਹਾਜ਼ਰ ਸਨ। ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਵੀ ਵਿਕਾਸ ਕਾਰਜ ਕਰਵਾਉਣ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਉਨ੍ਹਾਂ ਵਿਕਾਸ ਕਾਰਜਾਂ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ। ਇਸੇ ਦੌਰਾਨ ਡੀਸੀ ਦਫਤਰ ਯੂਨੀਅਨ ਦੇ ਨੁਮਾਇੰਦਿਆਂ ਨੇ ਆਪਣੇ ਭਖਦੇ ਮਸਲਿਆਂ ਸਬੰਧੀ ਕੈਬਨਿਟ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਮੰਗ ਪੱਤਰ ਦਿੱਤਾ। ਇਸ ਮੌਕੇ ਯੂਨੀਅਨ ਆਗੂਆਂ ਨੇ ਗੁਰਦੀਪ ਕੁਮਾਰ ਸਫਰੀ, ਜਤਿੰਦਰ ਸ਼ਰਮਾ, ਜਗਦੀਪ ਕਾਟਲ ਆਦਿ ਮੌਜੂਦ ਸਨ।