ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 6 ਫਰਵਰੀ
ਖੇਤੀ ਕਾਨੂੰਨਾਂ ਖਿਲਾਫ ਚਲ ਰਹੇ ਕਿਸਾਨ ਸੰਘਰਸ਼ ਦੌਰਾਨ ਅੱਜ ਚੱਕਾ ਜਾਮ ਦੇ ਦਿੱਤੇ ਗਏ ਸੱਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਥੇ ਗੋਲਡਨ ਗੇਟ ਵਿੱਚ ਅੰਮ੍ਰਿਤਸਰ-ਦਿੱਲੀ ਹਾਈਵੇਅ ’ਤੇ ਦਿੱਤੇ ਧਰਨੇ ਤੋਂ ਇਲਾਵਾ ਜ਼ਿਲ੍ਹੇ ਵਿਚ ਵੱਖ ਵੱਖ 20 ਥਾਵਾਂ ਤੇ ਧਰਨੇ ਦੇ ਕੇ ਚੱਕਾ ਜਾਮ ਕੀਤਾ। ਇਸ ਦੌਰਾਨ ਦੁਕਾਨਾਂ ਅਤੇ ਕਾਰੋਬਾਰ ਵੀ ਪਹਿਲਾਂ ਵਾਂਗ ਖੁੱਲ੍ਹੇ ਰਹੇ।
ਕਾਹਨੂੰਵਾਨ(ਵਰਿੰਦਰਜੀਤ ਜਾਗੋਵਾਲ): ਇੱਥੇ ਅੱਜ ਕਿਸਾਨਾਂ ਨੇ ਸ੍ਰੀਹਰਗੋਬਿੰਦਪੁਰ ਤੋਂ ਗੁਰਦਾਸਪੁਰ ਰੋਡ ਪੁਲ ਸਠਿਆਲੀ ’ਤੇ ਜਾਮ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਗੁਰਦੇਵ ਸਿੰਘ ਅਤੇ ਗੁਰਮੁਖ ਸਿੰਘ ਖ਼ਾਨ ਮਲੱਕ ਨੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ
ਪੱਟੀ (ਬੇਅੰਤ ਸਿੰਘ ਸੰਧੂ): ਸਯੁੰਕਤ ਮੌਰਚਾ ਦੇ ਸੱਦੇ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟਬੁੱਢਾ) ਵੱਲੋਂ ਪੱਟੀ ਫਿਰੋਜ਼ਪੁਰ ਰੋਡ ’ਤੇ ਸਥਿਤ ਪਿੰਡ ਭਓਵਾਲ ਪੁਲ ’ਤੇ ਕਿਸਾਨ ਆਗੂ ਸੋਹਣ ਸਿੰਘ ਸਭਰਾ, ਸੁੱਚਾ ਸਿੰਘ ਲੱਧੂਦੀ ਅਗਵਾਈ ਹੇਠ ਸੜਕੀ ਆਵਾਜਾਈ ਜਾਮ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਬਲਾਚੌਰ-ਰੋਪੜ ਕੌਮੀ ਹਾਈਵੇਅ ’ਤੇ ਬੱਛੂਆਂ ਟੌਲ ਪਲਾਜ਼ਾ ਵਿੱਚ ਅਤੇ ਬਲਾਚੌਰ-ਗੜ੍ਹਸ਼ੰਕਰ ਮਾਰਗ ’ਤੇ ਕਰਾਵਰ (ਮਜਾਰੀ) ਟੌਲ ਪਲਾਜ਼ਾ ਵਿੱਚ ਕਿਸਾਨਾਂ ਵਲੋਂ ਦੁਪਹਿਰ 12 ਤੋਂ 3 ਵਜੇ ਤੱਕ ਤਿੰਨ ਘੰਟਿਆਂ ਲਈ ਚੱਕਾ ਜਾਮ ਕੀਤਾ ਗਿਆ।
ਸ੍ਰੀ ਗੋਇੰਦਵਾਲ ਸਾਹਿਬ (ਜਤਿੰਦਰ ਸਿੰਘ ਬਾਵਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਗੋਇੰਦਵਾਲ ਸਾਹਿਬ ਕਪੂਰਥਲਾ ਚੌਕ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋ ਚੱਕਾ ਜਾਮ ਕੀਤਾ ਗਿਆ। ਇਸ ਦੀ ਅਗਵਾਈ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਧੂੰਦਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੁਖਦੇਵ ਸਿੰਘ ਤੁੜ, ਜਮਹੂਰੀ ਕਿਸਾਨ ਸਭਾ ਦੇ ਆਗੂ ਅਜੀਤ ਸਿੰਘ ਢੋਟਾ, ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਵੱਲੋਂ ਗੁਰਮੇਜ ਸਿੰਘ ਜੋਹਲ ਨੇ ਕੀਤੀ।
ਚੇਤਨਪੁਰਾ (ਰਣਵੀਰ ਸਿੰਘ ਮਿੰਟੂ): ਇੱਥੇ ਪਿੰਡ ਸੰਗਤਪੁਰਾ ਵਿੱਚ ਮੁਲਾਜ਼ਮ ਤੇ ਕਿਸਾਨ ਆਗੂ ਪਲਵਿੰਦਰ ਸਿੰਘ ਸੰਗਤਪੁਰਾ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਅਮਰਸਰ ਫਤਿਹਗੜ੍ਹ ਚੂੜੀਆਂ ਵਾਇਆ ਸੰਗਤਪੁਰਾ ਰੋਡ ’ਤੇ ਜਾਮ ਲਾ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸੇ ਦੌਰਾਨ ਜ਼ੋਨ ਗੁਰੂ ਕਾ ਬਾਗ਼ ਦੇ ਪ੍ਰਧਾਨ ਹਰਜਿੰਦਰਪਾਲ ਸਿੰਘ ਰੰਧਾਵਾ ਚਮਿਆਰੀ, ਪ੍ਰਧਾਨ ਮਿਲਖਾ ਸਿੰਘ ਖਤਰਾਏ ਕਲਾਂ ਦੀ ਅਗਵਾਈ ਵਿੱਚ ਅੱਡਾ ਲਸ਼ਕਰੀ ਨੰਗਲ ਵਿੱਚ ਚੱਕਾ ਜਾਮ ਕੀਤਾ ਗਿਆ।
ਭੁਲੱਥ (ਦਲੇਰ ਸਿੰਘ ਚੀਮਾ): ਭੁਲੱਥ ਦੇ ਕਚਹਿਰੀ ਚੌਕ, ਨਡਾਲਾ ਦੇ ਮੇਨ ਚੌਕ, ਬੇਗੋਵਾਲ ਦੇ ਫਲਾਵਰ ਚੌਕ ਤੇ ਜਲੰਧਰ- ਅਮ੍ਰਿੰਤਸਰ ਹਾਈਵੇ ਤੇ ਹਮੀਰਾ ਤੇ ਢਿੱਲਵਾਂ ਟੌਲ ਪਲਾਜ਼ਾ ’ਤੇ 12 ਤੋ 3 ਵਜੇ ਤੱਕ ਚੱਕਾ ਜਾਮ ਕਰਨ ਨੂੰ ਪੂਰਾ ਹੁੰਗਾਰਾ ਮਿਲਿਆ ਤੇ ਅਮਨ-ਸ਼ਾਂਤੀ ਨਾਲ ਸਮਾਪਤ ਹੋਇਆ।
ਸ੍ਰੀ ਹਰਗੋਬਿੰਦਪੁਰ (ਗੁਰਭੇਜ ਸਿੰਘ ਰਾਣਾ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਗੁਰਦੁਆਰਾ ਦਮਦਮਾ ਸਾਹਿਬ ਅਤੇ ਗੁਰਦੁਆਰਾ ਰਾਮ ਥੰਮ੍ਹਣ ਸਾਹਿਬ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਸ੍ਰੀ ਹਰਗੋਬਿੰਦਪੁਰ-ਟਾਂਡਾ ਰੋਡ ’ਤੇ ਬਿਆਸ ਦਰਿਆ ਦੇ ਪੁਲ ’ਤੇ ਧਰਨਾ ਲਗਾ ਕੇ 12 ਤੋਂ 3 ਵਜੇ ਤੱਕ ਪੁਲ ਜਾਮ ਕੀਤਾ ਗਿਆ।
ਟਾਂਡਾ (ਸੁਰਿੰਦਰ ਸਿੰਘ ਗੁਰਾਇਆ): ਇਥੋਂ ਦੇ ਬਿਜਲੀ ਘਰ ਚੌਕ ’ਚ ਅੱਜ ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਦੀ ਅਗਵਾਈ ਵਿਚ ਕਿਸਾਨਾਂ ਨੇ ਚੱਕਾ ਜਾਮ ਕੀਤਾ। ਇਸ ਨਾਲ ਜਲੰਧਰ-ਪਠਾਨਕੋਟ ਅਤੇ ਟਾਂਡਾ-ਹੁਸ਼ਿਆਰਪੁਰ ਮਾਰਗ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਫ਼ਤਹਿਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਇੱਥੇ ਅੱਜ ਪੁਰਾਣਾ ਬੱਸ ਅੱਡਾ ਚੌਕ ਵਿਚ ਜਮਹੂਰੀ ਕਿਸਾਨ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬਿਜਲੀ ਘਰ ਲਾਗੇ ਚੱਕਾ ਜਾਮ ਕੀਤਾ ਗਿਆ।
ਰਮਦਾਸ (ਰਾਜਨ ਮਾਨ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੱਜ ਕਸਬਾ ਰਮਦਾਸ ਤੇ ਅਜਨਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕੁਲ ਹਿੰਦ ਕਿਸਾਨ ਸਭਾ ਵਲੋਂ ਧਰਨਾ ਲਾ ਕੇ ਤਿੰਨ ਘੰਟੇ ਸੜਕੀ ਆਵਾਜਾਈ ਰੋਕੀ ਗਈ।ਇੱਥੇ ਅੱਜ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਤੇ ਕਿਰਤੀ ਕਿਸਾਨ ਯੂਨੀਅਨ ਅਤੇ ਹੋਰ ਸਹਿਯੋਗੀ ਜਥੇਬੰਦੀਆ ਨਾਲ ਮਿਲ ਕੇ ਸਥਾਨਕ ਬੱਸ ਅੱਡੇ ਨੇੜੇ ਤਿੰਨ ਘੰਟੇ ਚੱਕਾ ਜਾਮ ਕੀਤਾ ਗਿਆ।
ਅਟਾਰੀ (ਦਿਲਬਾਗ ਸਿੰਘ ਗਿੱਲ): ਕਿਸਾਨ ਜਥੇਬੰਦੀਆਂ ਵੱਲੋਂ ਅੱਜ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਸਰਹੱਦੀ ਕਸਬਾ ਅਟਾਰੀ ਵਿੱਚ 12 ਤੋਂ ਬਾਅਦ ਦੁਪਹਿਰ 3 ਵਜੇ ਤੱਕ ਚੱਕਾ ਜਾਮ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕਿਸਾਨ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਵਾਪਸ ਕਰਵਾ ਕੇ ਅਤੇ 26 ਜਨਵਰੀ ਨੂੰ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਨੂੰ ਰਿਹਾਅ ਕਰਵਾ ਕੇ ਹੀ ਘਰਾਂ ਨੂੰ ਪਰਤਣਗੇ।
ਨਵਾਂ ਸ਼ਹਿਰ (ਪੱਤਰ ਪ੍ਰੇਰਕ): ਇੱਥੇ ਅੱਜ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਕੁੱਲ ਹਿੰਦ ਕਿਸਾਨ ਸਭਾ ਹਨਨ ਮੁੱਲਾਂ ਅਤੇ ਜਮਹੂਰੀ ਕਿਸਾਨ ਸਭਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਾਥੀ ਸਤਨਾਮ ਸਿੰਘ ਸੁੱਜੋਂ ਦੀ ਅਗਵਾਈ ਵਿਚ ਚੰਡੀਗੜ੍ਹ ਚੌਕ ਨਵਾਂਸ਼ਹਿਰ ਵਿਚ ਚੱਕਾ ਜਾਮ ਕੀਤਾ ਗਿਆ।
ਆਦਮੁਪਰ (ਹਤਿੰਦਰ ਮਹਿਤਾ): ਇੱਥੇ ਕਿਸਾਨ ਜਥੇਬੰਦੀਆਂ ਵੱਲੋਂ 12 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਪੂਰੀ ਤਰ੍ਹਾਂ ਚੱਕਾ ਜਾਮ ਰੱਖਿਆ ਗਿਆ।
ਡੇਰਾ ਬਾਬਾ ਨਾਨਕ/ਬਟਾਲਾ (ਦਲਬੀਰ ਸਿੰਘ ਸੱਖੋਵਾਲੀਆ): ਇੱਥੇ ਅੱਜ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ , ਕਲਾਨੌਰ ,ਕੋਟਲੀ ਸੂਰਤ ਮੱਲ੍ਹੀ ਸਮੇਤ ਹੋਰਨਾਂ ਥਾਵਾਂ ’ਤੇ ਮੁੱਖ ਸੜਕਾਂ ਜਾਮ ਰਹੀਆਂ। ਇਸੇ ਤਰ੍ਹਾਂ ਕਿਸਾਨਾਂ ਨੇ ਕੌਮੀ ਸ਼ਾਹਰਾਹ ਅੰਮਿ੍ਰਤਸਰ-ਜੰਮੂ ਮਾਰਗ ਜਾਮ ਕੀਤਾ। ਇਸੇ ਤਰ੍ਹਾਂ ਬਟਾਲਾ-ਜਲੰਧਰ ਰੋਡ, ਸ੍ਰੀ ਹਰਗੋਬਿੰਦਪੁਰ,ਕਾਂਦੀਆਂ,ਕਹਾਨਵਾਨ ਅਤੇ ਫਤਹਿਗੜ੍ਹ ਚੂੜੀਆਂ ਰੋਡ ’ਤੇ ਕਿਸਾਨ ਮਜ਼ਦੂਰ ਅਤੇ ਵਪਾਰੀ ਵਰਗ ਨੇ ਚੱਕਾ ਜਾਮ ਕੀਤਾ।
ਪਠਾਨਕੋਟ (ਐੱਨਪੀ ਧਵਨ): ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇਅ ’ਤੇ ਮਲਿਕਪੁਰ ਚੌਕ ਵਿੱਚ ਤਿੰਨ ਖੇਤੀਬਾੜੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਚੱਕਾ ਜਾਮ ਕੀਤਾ।
ਕਰਤਾਰਪੁਰ(ਗੁਰਨੇਕ ਸਿੰਘ ਵਿਰਦੀ): ਕਿਸਾਨਾਂ ਨੇ ਜੰਗ ਏ ਆਜ਼ਾਦੀ ਦੇ ਸਾਹਮਣੇ ਚੱਕਾ ਜਾਮ ਕੀਤਾ। ਕਿਸਾਨ ਦਰੀਆਂ ਵਿਛਾ ਕੇ ਸੜਕ ਦੇ ਵਿਚਕਾਰ ਬੈਠ ਗਏ ਅਤੇ ਟਰੈਕਟਰ ਸੜਕ ਦੇ ਕਿਨਾਰੇ ਖੜ੍ਹੇ ਕੀਤੇ ਗਏ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਇੱਥੇ ਅੱਜ ਜਾਮ ਦੌਰਾਨ ਸੜਕਾਂ ਦੇ ਦੋਵਾਂ ਪਾਸਿਆਂ ’ਤੇ ਦੂਰ ਦੂਰ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ| ਇਸ ਜਾਮ ਦੌਰਾਨ ਤਰਨ ਤਾਰਨ ਸ਼ਹਿਰ ਦੀ ਸਰਹਾਲੀ ਰੋਡ, ਗੋਇੰਦਵਾਲ ਸਾਹਿਬ ਬਾਈਪਾਸ, ਰਸੂਲਪੁਰ ਨਹਿਰਾਂ, ਸਰਹਾਲੀ, ਝਬਾਲ, ਹਰੀਕੇ ਸਮੇਤ ਹੋਰਨਾਂ ਥਾਵਾਂ ’ਤੇ ਧਰਨੇ ਦਿੱਤੇ ਗਏ|
ਚੋਹਲਾ ਸਾਹਿਬ (ਤਜਿੰਦਰ ਸਿੰਘ): ਇੱਥੇ ਨੈਸ਼ਨਲ ਹਾਈਵੇ ਚਰਵੰਜਾ ’ਤੇ ਪਿੰਡ ਖਾਰਾ ਵਿੱਚ ਚੱਕਾ ਜਾਮ ਕੀਤਾ ਗਿਆ। ਟੀ ਪੁਆਇੰਟ ਨੌਸ਼ਹਿਰਾ ਪਨੂੰਆਂ ਵਿੱਚ ਚੱਕਾ ਜਾਮ ਕੀਤਾ ਗਿਆ। ਟੀ ਪੁਆਇੰਟ ਪੱਟੀ ਸਰਹਾਲੀ ਰੋਡ ਨਿਰਵੈਲ ਸਿੰਘ ਧੁੰਨ ਦੀ ਅਗਵਾਈ ਹੇਠ ਪਿੱਦੀ ਗਰੁੱਪ ਵੱਲੋਂ ਚੱਕਾ ਜਾਮ ਕੀਤਾ ਗਿਆ।
ਫਗਵਾੜਾ (ਜਸਬੀਰ ਸਿੰਘ ਚਾਨਾ): ਇੱਥੇ ਅੱਜ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਸ਼ੂਗਰ ਮਿੱਲ ਚੌਂਕ ਵਿੱੱਚ 12 ਤੋਂ 3 ਵਜੇ ਤੱਕ ਚੱਕਾ ਜਾਮ ਕੀਤਾ ਗਿਆ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਇਲਾਕੇ ਦੇ ਕਈ ਸਥਾਨਾਂ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਘੰਟੇ ਚੱਕਾ ਜਾਮ ਕਰਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ।
ਬਰਾਤੀਆਂ ਨੂੰ ਕਰਨਾ ਪਿਆ ਤਿੰਨ ਘੰਟੇ ਇੰਤਜ਼ਾਰ
ਕਾਦੀਆਂ (ਮਕਬੂਲ ਅਹਿਮਦ): ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਬੈਨਰ ਹੇਠ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਡੱਲਾ ਮੋੜ ਅਤੇ ਕਾਹਲਵਾਂ ਮੋੜ ਵਿੱਚ ਚੱਕਾ ਜਾਮ ਕੀਤਾ। ਇੱਸ ਮੌਕੇ ਸਿਰਫ਼ ਵਿਆਹ ਵਾਲੀ ਗੱਡੀ ਜਿਸ ਚ ਲਾੜਾ ਸਵਾਰ ਸੀ ਉਸਨੂੰ ਹੀ ਅੱਗੇ ਜਾਣ ਲਈ ਰਾਹ ਦਿੱਤਾ ਗਿਆ ਜਦਕਿ ਨਾਲ ਜਾਣ ਵਾਲੀ ਬਰਾਤ ਨੂੰ 3 ਵਜੇ ਤੱਕ ਇੰਤਜ਼ਾਰ ਕਰਨਾ ਪਿਆ। ਕਾਦੀਆਂ-ਬਟਾਲਾ ਅਤੇ ਕਾਦੀਆਂ-ਹਰਚੋਵਾਲ ਰੋਡ ਪੂਰੀ ਤਰ੍ਹਾਂ ਜਾਮ ਰਿਹਾ।
ਜਾਮ ਵਿੱਚ ਫਸੇ ਲੋਕਾਂ ਨੂੰ ਪਾਣੀ ਪਿਲਾਇਆ
ਜੰਡਿਆਲਾ ਗੁਰੂ (ਸਿਮਰਤ ਪਾਲ ਸਿੰਘ ਬੇਦੀ): ਇੱਕੇ ਨਿੱਜਰਪੁਰਾ ਟੌਲ ਪਲਾਜ਼ਾ ਵਿੱਚ ਨੈਸ਼ਨਲ ਹਾਈਵੇ ਉੱਪਰ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਬਿੱਲਾਂ ਖ਼ਿਲਾਫ਼ ਅੱਜ 12 ਤੋਂ 3 ਵਜੇ ਤੱਕ 3 ਘੰਟੇ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਇਸ ਮੌਕੇ ਜਾਮ ਵਿਚ ਫਸੇ ਲੋਕਾਂ ਨੂੰ ਜਲ ਪਾਣੀ ਵੀ ਛਕਾਇਆ।
ਲੰਗੜੋਆ ਬਾਈਪਾਸ ਉੱਤੇ ਹੋਇਆ ਬੇਮਿਸਾਲ ਇਕੱਠ
ਨਵਾਂ ਸ਼ਹਿਰ (ਲਾਜਵੰਤ ਸਿੰਘ): ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਉੱਤੇ 12 ਵਜੇ ਤੋਂ 3 ਵਜੇ ਤੱਕ ਲੰਗੜੋਆ ਬਾਈਪਾਸ ਉੱਤੇ ਜਾਮ ਲਗਾਇਆ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਕੁਲਵਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ, ਦਲਜੀਤ ਸਿੰਘ ਐਡਵੋਕੇਟ, ਗੁਰਬਖਸ਼ ਕੌਰ ਸੰਘਾ, ਜਸਬੀਰ ਦੀਪ, ਡਾਕਟਰ ਦਿਲਦਾਰ ਸਿੰਘ, ਜਸਵੀਰ ਕੌਰ ਸੌਨਾ ਨੇ ਕਿਹਾ ਕਿ ਇਹ ਘੋਲ ਹੁਣ ਦਿੱਲੀ ਦੀ ਹਕੂਮਤ ਅਤੇ ਸਮੁੱਚੇ ਦੇਸ਼ ਵਾਸੀਆਂ ਦਾ ਘੋਲ ਬਣ ਚੁੱਕਾ ਹੈ। ਇਸ ਘੋਲ ਵਿਚ ਲੋਕਾਂ ਦਾ ਜੋਸ਼ ਹੋਰ ਵੀ ਤਿੱਖਾ ਹੋਇਆ ਹੈ।