ਦੀਨਾਨਗਰ: ਪੰਜਾਬ ਸਰਕਾਰ ਦੀ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਸਕੀਮ ਤਹਿਤ ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਉਣ ਲਈ ਅੱਜ ਇੱਥੋਂ ਦੇ ਐੱਸਐੱਸਐੱਮ ਕਾਲਜ ਵਿਚ ਵਿਸ਼ੇਸ਼ ਸਮਾਰੋਹ ਕੀਤਾ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਸ਼ਾਮਲ ਹੋਏ। ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਆਰਕੇ ਤੁਲੀ ਨੇ ਕੀਤੀ। ਇਸ ਮੌਕੇ ਅਰੁਣਾ ਚੌਧਰੀ ਵੱਲੋਂ ਨਵ ਜੰਮੀਆਂ ਬੱਚੀਆਂ ਸਣੇ ਉਨ੍ਹਾਂ ਦੀਆਂ ਮਾਵਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਲੜਕੇ ਅਤੇ ਲੜਕੀ ’ਚ ਭੇਦਭਾਵ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਧੀਆਂ ਦੀ ਲੋਹੜੀ ਮਨਾਉਣ ਦਾ ਉਦੇਸ਼ ਧੀਆਂ ਤੇ ਪੁੱਤਰ ’ਚ ਫ਼ਰਕ ਨੂੰ ਖ਼ਤਮ ਕਰਨਾ ਹੈ। ਇਸ ਦੌਰਾਨ ਕਾਲਜ ਦੇ ਗਰਾਊਂਡ ’ਚ ਲੋਹੜੀ ਬਾਲਣ ਦੀ ਰਸਮ ਨਿਭਾਈ ਗਈ -ਪੱਤਰ ਪ੍ਰੇਰਕ