ਪੱਤਰ ਪ੍ਰੇਰਕ
ਅਜਨਾਲਾ, 12 ਅਕਤੂਬਰ
ਜਮਹੂਰੀ ਕਿਸਾਨ ਸਭਾ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਸੀਨੀਅਰ ਆਗੂ ਸਤਨਾਮ ਸਿੰਘ ਚੱਕ ਔਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਜਮਹੂਰੀ ਕਿਸਾਨ ਸਭਾ ਸੰਯੁਕਤ ਕਿਸਾਨ ਮੋਰਚੇ ਦੀ ਪ੍ਰਮੁੱਖ ਜਥੇਬੰਦੀ ਹੈ ਅਤੇ ਇਸ ਨੂੰ ਹੋਰ ਵਿਆਪਕ ਬਣਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਭਾ ਦੀਆਂ ਹਰੇਕ ਪਿੰਡ ਸ਼ਾਖਾ ਮਜ਼ਬੂਤ ਕਰਨ ਲਈ ਪਿੰਡ-ਪਿੰਡ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਆਪਣੇ ਮਸਲੇ ਹੱਲ ਕਰਵਾਉਣ ਲਈ ਮੈਦਾਨ ਵਿਚ ਕੁੱਦਣ ਲਈ ਉਤਸ਼ਾਹਿਤ ਕੀਤਾ ਜਾਵੇ। ਇਸ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਸਭਾ ਦੇ ਪ੍ਰਮੁੱਖ ਆਗੂ ਗੁਰਨਾਮ ਸਿੰਘ ਉਮਰਪੁਰਾ, ਸਤਵਿੰਦਰ ਸਿੰਘ ਓਠੀਆਂ, ਸੁਰਜੀਤ ਸਿੰਘ ਦੁਧਰਾਏ ਅਤੇ ਹਰਨੇਕ ਸਿੰਘ ਨੇਪਾਲ ਆਦਿ ਨੇ ਮੀਟਿੰਗ ਕਰਨ ’ਤੇ ਇਹ ਮਤਾ ਪਾਸ ਕੀਤਾ ਕਿ ਲੰਪੀ ਸਕਿਨ ਬਿਮਾਰੀ ਨਾਲ ਮਰੀਆਂ ਗਊਆਂ ਦਾ ਦੁੱਧ ਉਤਪਾਦਕਾਂ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਇੱਕ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਪੋਸਟਮਾਰਟਮ ਦੀ ਸ਼ਰਤ ਖਤਮ ਕੀਤੀ ਜਾਵੇ। ਇਸ ਤਰ੍ਹਾਂ ਸਰਕਾਰ ਆਪਣੇ ਵਾਅਦੇ ਅਨੁਸਾਰ ਮੀਂਹ ਨਾਲ ਖ਼ਰਾਬ ਹੋਈਆਂ ਫ਼ਸਲਾਂ ਦਾ ਪੂਰਾ ਮੁਆਵਜ਼ਾ ਦੇਵੇ ਅਤੇ ਮੰਡੀਆਂ ਵਿੱਚ ਸਰਕਾਰ ਦੇ ਸਹੀ ਪ੍ਰਬੰਧ ਨਾ ਹੋਣ ਕਾਰਨ ਝੋਨਾ ਬਾਰਿਸ਼ਾਂ ਨਾਲ ਖ਼ਰਾਬ ਹੋ ਗਿਆ ਹੈ, ਉਸ ਨੂੰ ਬਿਨਾਂ ਸ਼ਰਤ ਪੂਰੇ ਮੁੱਲ ’ਤੇ ਖ਼ਰੀਦਿਆ ਜਾਵੇ।