ਸਿਮਰਤਪਾਲ ਬੇਦੀ
ਜੰਡਿਆਲਾ ਗੁਰੂ, 16 ਅਗਸਤ
ਇੱਥੋਂ ਦੇ ਪਿੰਡ ਬੰਮਾ ‘ਚ ਬਣੇ ਨਿੱਜੀ ਕੰਪਨੀ ਦੇ ਅਨਾਜ ਦੇ ਗੁਦਾਮਾਂ, ਜਿਨ੍ਹਾਂ ਵਿਚ ਪਨਗਰੇਨ ਮਹਿਕਮੇ ਦੀ ਕਣਕ ਰੱਖੀ ਗਈ ਹੈ, ਵਿਚ ਵੱਡੇ ਪੱਧਰ ‘ਤੇ ਸੁਸਰੀ ਪੈਣ ਕਾਰਨ ਸਥਾਨਕ ਪਿੰਡ ਦੇ ਲੋਕਾਂ ਤੋਂ ਇਲਾਵਾ ਆਸ ਆਸ ਪਾਸ ਦੇ ਇਲਾਕੇ ਦੇ ਵਾਸੀ ਕਾਫ਼ੀ ਪ੍ਰੇਸ਼ਾਨ ਹਨ। ਇਸ ਸਬੰਧੀ ਸਥਾਨਕ ਲੋਕਾਂ ਨੇ ਦੱਸਿਆ ਕਿ ਨਿੱਜੀ ਕੰਪਨੀ ਦੇ ਇਨ੍ਹਾਂ ਗੁਦਾਮਾਂ ਵਿਚ ਸੁਸਰੀ ਪੈਣ ਕਾਰਨ ਉਨ੍ਹਾਂ ਨੂੰ ਰਾਤ ਵੇਲੇ ਸੌਣ ਲੱਗਿਆਂ ਆਪਣੇ ਕੰਨਾਂ ਵਿੱਚ ਰੂੰ ਲੈ ਕੇ ਸੌਣਾ ਪੈਂਦਾ ਹੈ। ਲੋਕਾਂ ਦਾ ਕਹਿਣ ਹੈ ਕਿ ਉਹ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਡੀਸੀ ਅੰਮ੍ਰਿਤਸਰ ਨੂੰ ਵੀ ਮਿਲੇ ਪਰ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਨਿਕਲਿਆ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਇਲਾਕਾ ਵਾਸੀਆਂ ਨੇ ਕਿਹਾ ਜੇਕਰ ਸਰਕਾਰ ਜਾਂ ਸਬੰਧਤ ਮਹਿਕਮੇ ਦੇ ਅਧਿਕਾਰੀ ਸੁਸਰੀ ਦੀ ਸਮੱਸਿਆ ਦਾ ਹੱਲ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ ਵਿੱਚ ਲੋਕ ਕੋਈ ਵੱਡਾ ਐਕਸ਼ਨ ਲੈਣ ਲਈ ਮਜਬੂਰ ਹੋਣਗੇ। ਇਸ ਕੌਮ ਸਰਪੰਚ ਸੁਖਜਿੰਦਰ ਸਿੰਘ ਨਿੱਝਰ, ਸਾਬਕਾ ਸਰਪੰਚ ਗਿਆਨ ਸਿੰਘ ਬੱਲ ਤੇ ਪ੍ਰਗਟ ਸਿੰਘ ਬੱਲ ਹਾਜ਼ਰ ਸਨ। ਇਸ ਸਬੰਧੀ ਅਨਾਜ ਗੁਦਾਮਾਂ ਦੇ ਅਧਿਕਾਰੀਆਂ ਆਪ੍ਰੇਸ਼ਨ ਹੈੱਡ ਗੁਰਜੰਟ ਸਿੰਘ ਨੇ ਕਿਹਾ ਕਿ ਸੁਸਰੀ ਨੂੰ ਖਤਮ ਕੀਤਾ ਜਾ ਰਿਹਾ ਹੈ।