ਪੱਤਰ ਪ੍ਰੇਰਕ
ਪਠਾਨਕੋਟ, 30 ਸਤੰਬਰ
ਭੋਆ ਵਿਧਾਨ ਸਭਾ ਖੇਤਰ ਦੇ ਅਧੀਨ ਆਉਂਦੇ ਪਿੰਡ ਅੰਤੋਰ ਵਿੱਚ ਸਪਲਾਈ ਹੋ ਰਹੇ ਗੰਦੇ ਪਾਣੀ ਨੂੰ ਲੈ ਕੇ ਪਿੰਡ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਪਰਮਜੀਤ ਰਾਏ ਨੇ ਦੱਸਿਆ ਕਿ ਪਿੰਡ ਰਤੜਵਾਂ ਵਿੱਚ ਲੱਗੀ ਵਾਟਰ ਸਪਲਾਈ ਤੋਂ ਉਨ੍ਹਾਂ ਦੇ ਪਿੰਡ ਅੰਤੋਰ ਅਤੇ ਮਿਰਜਾਪੁਰ ਨੂੰ ਪਾਣੀ ਸਪਲਾਈ ਹੋ ਰਿਹਾ ਹੈ ਅਤੇ ਰਸਤੇ ਵਿੱਚ ਕਈ ਥਾਵਾਂ ਤੋਂ ਪਾਣੀ ਸਪਲਾਈ ਵਾਲੀਆਂ ਪਾਈਪਾਂ ਗਲ-ਸੜ ਚੁੱਕੀਆਂ ਹਨ। ਇਸੇ ਕਾਰਨ ਲੋਕਾਂ ਦੇ ਘਰਾਂ ਵਿੱਚ ਗੰਦਾ ਪਾਣੀ ਸਪਲਾਈ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਝ ਘਰਾਂ ਵਿੱਚ ਪਿੰਡ ਭਗਵਾਨਪੁਰ ਤੋਂ ਪਾਣੀ ਆਉਂਦਾ ਹੈ ਅਤੇ ਕੁਝ ਪਿੰਡ ਵਾਸੀ ਉਥੋਂ ਵੀ ਪਾਣੀ ਭਰ ਕੇ ਗੁਜ਼ਾਰਾ ਕਰ ਰਹੇ ਹਨ। ਸਰਪੰਚ ਪਰਮਜੀਤ ਰਾਏ ਨੇ ਦੱਸਿਆ ਕਿ ਇਹ ਸਮੱਸਿਆ ਉਨ੍ਹਾਂ ਦੇ ਪਿੰਡ ਵਿੱਚ ਪਿਛਲੇ ਲੰਬੇ ਸਮੇਂ ਤੋਂ ਪੇਸ਼ ਆ ਰਹੀ ਹੈ ਅਤੇ ਉਨ੍ਹਾਂ ਦੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਉਨ੍ਹਾਂ ਦੇ ਪਿੰਡ ਦੀ ਉਕਤ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲ ਦੇ ਆਧਾਰ ’ਤੇ ਸਮੱਸਿਆ ਦਾ ਹੱਲ ਕਰਕੇ ਪਿੰਡ ਅੰਤੋਰ ਵਿੱਚ ਹੀ ਪਾਣੀ ਦੀ ਟੈਂਕੀ ਸਥਾਪਤ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸ਼ੁੱਧ ਪਾਣੀ ਲਈ ਭਟਕਣਾ ਨਾ ਪਵੇ।