ਧਾਰੀਵਾਲ: ਇਥੇ ਸਬ-ਤਹਿਸੀਲ ਧਾਰੀਵਾਲ ਦੇ ਨਾਇਬ ਤਹਿਸੀਲਦਾਰ ਇੰਦਰਜੀਤ ਕੌਰ ਰਿਆੜ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਣ-ਅਧਿਕਾਰਿਤ ਕਲੋਨੀਆਂ ਦੀਆਂ ਰਜਿਸਟਰੀਆਂ ਸਬੰਧਿਤ ਅਥਾਰਟੀ ਪਾਸੋਂ ਇਤਰਾਜਹੀਣਤਾ ਸਰਟੀਫਿਕੇਟ (ਐੱਨਓਸੀ) ਲਏ ਬਿਨਾਂ ਬਿਲਕੁਲ ਬੰਦ ਕੀਤੀਆਂ ਗਈਆਂ ਹਨ। ਇਸ ਲਈ ਆਮ ਲੋਕ ਕੋਈ ਵੀ ਪਲਾਟ ਖਰੀਦਣ ਤੋਂ ਪਹਿਲਾਂ ਇਹ ਸਪਸ਼ਟ ਕਰ ਲੈਣ ਕਿ ਇਹ ਕਲੋਨੀ ਸਰਕਾਰ ਪਾਸੋਂ ਮਨਜ਼ੂਰਸ਼ੁਦਾ ਹੈ ਕਿ ਨਹੀਂ। ਉਨ੍ਹਾਂ ਕਿਹਾ ਸੂਚਨਾ ਦੀ ਘਾਟ ਕਾਰਨ ਆਮ ਲੋਕ ਸਰਕਾਰ ਦੇ ਫ਼ੈਸਲੇ ਤੋਂ ਅਣਜਾਣ ਹੁੰਦੇ ਹੋਏ ਬਿਨਾਂ ਐੱਨਓਸੀ ਰਜਿਸਟਰੀ ਤਿਆਰ ਕਰਵਾ ਲੈਂਦੇ ਹਨ ਅਤੇ ਅਸ਼ਟਾਮ ਫੀਸਾਂ ਆਦਿ ਜਮ੍ਹਾਂ ਕਰਵਾ ਦਿੰਦੇ ਹਨ ਪਰ ਇਸ ਐੱਨਓਸੀ ਤੋਂ ਬਿਨਾਂ ਉਨ੍ਹਾਂ ਦੀ ਰਜਿਸਟਰੀ ਤਸਦੀਕ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਲਈ ਕਿਸੇ ਵੀ ਕੰਮ ਵਾਲੇ ਦਿਨ ਦਫਤਰ ਵਿੱਚ ਉਨ੍ਹਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। -ਪੱਤਰ ਪ੍ਰੇਰਕ