ਡਾ. ਰਾਜਿੰਦਰ ਸਿੰਘ/ਸੁਖਦੇਵ ਸਿੰਘ
ਡੇਰਾ ਬਾਬਾ ਨਾਨਕ/ਅਜਨਾਲਾ, 17 ਅਗਸਤ
ਦਰਿਆ ਰਾਵੀ ਵਿੱਚ ਆਏ ਹੜ੍ਹ ਨੇ ਜਿੱਥੇ ਸਰਹੱਦੀ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ’ਚ ਵਾਧਾ ਕਰ ਦਿੱਤਾ ਹੈ ਉੱਥੇ ਹੀ ਦਰਿਆ ਨਾਲ ਲਗਦੀਆਂ ਫਸਲਾਂ ਵੀ ਬਰਬਾਦ ਕਰ ਦਿੱਤੀਆਂ ਹਨ। ਇਸ ਕਰਕੇ ਕਿਸਾਨ ਕਾਫੀ ਪ੍ਰੇਸ਼ਾਨ ਹਨ| ਡੇਰਾ ਬਾਬਾ ਨਾਨਕ ਨਾਲ ਲੱਗਦੇ ਪਿੰਡ ਘਣੀਏ ਕੇ ਬੇਟ ਦੀ ਲਿੰਕ ਸੜਕ ’ਚ ਕੱਲ੍ਹ ਜੋ ਪਾੜ ਪੈ ਗਿਆ ਸੀ ਉਸ ਨੂੰ ਅੱਜ ਵੀ ਪੂਰਿਆ ਨਹੀਂ ਜਾ ਸਕਿਆ। ਹਾਲਾਂਕਿ ਸੈਨਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਹੋਏ ਹਨ ਪਰ ਦਰਿਆ ਦੇ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਲਿੰਕ ਸੜਕ ਨੂੰ ਜੋੜਨ ਦਾ ਕੰਮ ਸਿਰੇ ਨਹੀਂ ਲੱਗ ਸਕਿਆ। ਇਸ ਕਰਕੇ ਡੇਰਾ ਬਾਬਾ ਨਾਨਕ ਤੋਂ ਇਸ ਵੇਲੇ ਕਈ ਪਿੰਡਾਂ ਦਾ ਸੰਪਰਕ ਟੁੱਟ ਚੁੱਕਿਆ ਹੈ ਜੋ ਰਾਵੀ ਦਰਿਆ ਦੇ ਪਾਰ ਹਨ| ਪਿੰਡ ਘੋਨੇਵਾਲ, ਘਣੀਏ ਕੇ ਬੇਟ, ਕਮਾਲਪੁਰ ਕੱਸੋਵਾਲ, ਲਾਲੂਵਾਲ ਆਦਿ ਪਿੰਡਾਂ ’ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ| ਇਸ ਤਰ੍ਹਾਂ ਦਰਿਆ ਦੇ ਇਸ ਪਾਰ ਵੀ ਨਾਲ ਲਗਦੀਆਂ ਕਮਾਦ ਤੇ ਝੋਨੇ ਦੀਆਂ ਹਜ਼ਾਰਾਂ ਏਕੜ ਫ਼ਸਲਾਂ ਪਾਣੀ ’ਚ ਡੁੱਬ ਗਈਆਂ ਹਨ| ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਕਰੀਬ ਇੱਕ ਹਜ਼ਾਰ ਏਕੜ ਤੋਂ ਵੱਧ ਫ਼ਸਲ ਦਰਿਆ ਦੇ ਆਰ ਪਾਰ ਖ਼ਰਾਬ ਹੋ ਚੁੱਕੀ ਹੈ ਅਤੇ ਜੇਕਰ ਪਾਣੀ ਦਾ ਪੱਧਰ ਹੋਰ ਵਧਿਆ ਤਾਂ ਦਰਿਆ ਨਾਲ ਲਗਦੇ ਪਿੰਡਾਂ ਦਾ ਹੋਰ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ|
ਇਸ ਦੌਰਾਨ ਰਾਵੀ ਦਰਿਆ ’ਚ ਆਏ ਹੜ੍ਹ ਦੇ ਮੱਦੇਨਜ਼ਰ ਫੌਜ ਦੇ ਜਵਾਨਾਂ ਵੱਲੋਂ ਵੀ ਮੋਰਚਾ ਸਾਂਭਿਆ ਜਾ ਰਿਹਾ ਹੈ ਅਤੇ ਪੀੜਤ ਲੋਕਾਂ ਦੀ ਸੰਭਵ ਮਦਦ ਕੀਤੀ ਜਾ ਰਹੀ ਹੈ| ਫੌਜ ਵੱਲੋਂ ਲੋਕਾਂ ਨੂੰ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ ਅਤੇ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ| ਦੂਸਰੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਨਾਲ ਨਜਿੱਠਣ ਲਈ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ| ਜ਼ਿਲ੍ਹਾ ਮੰਡੀ ਬੋਰਡ ਦੇ ਐਕਸੀਅਨ ਬਲਦੇਵ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਅਸ਼ਫਾਕ ਵੱਲੋਂ ਸਥਿਤੀ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ| ਉਨ੍ਹਾਂ ਕਿਹਾ ਕਿ ਜਿਵੇਂ ਹੀ ਪਾਣੀ ਦਾ ਪੱਧਰ ਘੱਟ ਹੋਵੇਗਾ ਪਿੰਡ ਘਣੀਏ ਕੇ ਬੇਟ ਦੀ ਲਿੰਕ ਸੜਕ ਦੇ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਮੌਕੇ ਅਜਨਾਲਾ ਦੇ ਐੱਸ.ਡੀ.ਐੱਮ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਪਹਾੜਾਂ ਵਿੱਚ ਜ਼ਿਆਦਾ ਬਰਸਾਤ ਹੋਣ ਕਾਰਨ ਪਾਣੀ ਹੋਰ ਵਧਣ ਦਾ ਖਦਸ਼ਾ ਹੈ। ਇਸ ਦੇ ਮੱਦੇਨਜ਼ਰ ਭਾਰਤੀ ਸੈਨਾ ਦੀ ਸਹਾਇਤਾ ਨਾਲ ਪ੍ਰਸ਼ਾਸਨ ਨੇ ਦਰਿਆ ਤੋਂ ਪਾਰ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਆਂਦਾ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਮੈਡੀਕਲ ਟੀਮਾਂ ਅਤੇ ਪਸ਼ੂਆਂ ਲਈ ਵੈਟਰਨਰੀ ਟੀਮਾਂ ਮੌਕੇ ’ਤੇ ਪੁੱਜ ਚੁੱਕੀਆਂ ਹਨ।
ਐੱਸ.ਡੀ.ਐੱਮ. ਨੇ ਕਿਹਾ ਕਿ ਵੱਧ ਪਾਣੀ ਦੀ ਮਾਰ ਹੇਠ ਆਈਆਂ ਫਸਲਾਂ ਦੀ ਰਿਪੋਰਟ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਜਾਵੇਗੀ। ਇਸ ਮੌਕੇ ਡਰੇਨੇਜ ਵਿਭਾਗ ਦੇ ਇੰਜਨੀਅਰ ਜਗਦੀਸ਼ ਰਾਜ ਵੀ ਮੌਜੂਦ ਸਨ।