ਪਾਲ ਸਿੰਘ ਨੌਲੀ
ਜਲੰਧਰ, 1 ਫਰਵਰੀ
ਪੰਜਾਬ ਦੀਆਂ ਹੋਟ ਸੀਟਾਂ ਵਿੱਚ ਗਿਣੀ ਜਾਂਦੀ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਦੀ ਸੀਟ ਤੋਂ ਅੱਜ ਨਾਮਜ਼ਦਗੀਆਂ ਦੇ ਆਖਰੀ ਦਿਨ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਕਾਗਜ਼ ਦਾਖਲ ਕਰ ਦਿੱਤੇ। ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਨਾਲ ਨਾਮਜ਼ਦਗੀ ਪੱਤਰ ਭਰਨ ਲਈ ਪਹੁੰਚੇ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਹੱਕ ਵਿੱਚ ‘ਜਿਥੇ ਰਾਣਾ ਉਥੇ ਜਾਣਾ’ ਦੇ ਨਾਅਰੇ ਗੂੰਜਦੇ ਰਹੇ। ਨਾਮਜ਼ਦਗੀ ਭਰਨ ਤੋਂ ਬਾਅਦ ਕੀਤੇ ਜਨਤਕ ਇਕੱਠ ਦੌਰਾਨ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਖੁਦ ਹਾਜ਼ਰ ਰਹੇ। ਇਕ ਤਰ੍ਹਾਂ ਨਾਲ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਚੋਣ ਲੜਾਉਣ ਦੀ ਸਾਰੀ ਕਮਾਂਡ ਆਪ ਸੰਭਾਲ ਲਈ ਹੈ।
ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਵੱਡੀ ਗਿਣਤੀ ’ਚ ਆਪਣੇ ਵਾਲੰਟੀਅਰਾਂ ਨੂੰ ਤਾਇਨਾਤ ਕੀਤਾ ਹੋਇਆ ਸੀ। ਜਿਥੇ ਇਕੱਠ ਕੀਤਾ ਗਿਆ ਉਥੇ ਵੀ ਸੈਨੇਟਾਈਜ਼ਰ ਦਾ ਪ੍ਰਬੰਧ ਕੀਤਾ ਗਿਆ ਸੀ। ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਕੀਤੇ ਗਏ ਇਕੱਠ ’ਤੇ ਚੋਣ ਆਬਜ਼ਰਵਰਾਂ ਦੀਆਂ ਨਜ਼ਰਾਂ ਵੀ ਲੱਗੀਆਂ ਰਹੀਆਂ। ਚੋਣ ਆਬਜ਼ਰਵਰਾਂ ਦੀ ਇਕ ਟੀਮ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਕੀਤੇ ਗਏ ਮਾਰਚ ਦੌਰਾਨ ਨਾਲ-ਨਾਲ ਹੀ ਚੱਲਦੀ ਰਹੀ।
ਨੌਜਵਾਨ ਆਗੂ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਇਕੱਠ ਨੂੰ ਸਵਾਲ ਕੀਤਾ ਕਿ ਸਰਕਾਰੀ ਸਿਵਲ ਹਸਪਤਾਲ ਹੋਣ ਦੇ ਬਾਵਜੂਦ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਕਿਉਂ ਨਹੀਂ ਮਿਲ ਰਹੀਆਂ। ਹਲਕੇ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਲੋਕਾਂ ਦੀ ਸਿਹਤ ਨਾਲ ਕਿਉਂ ਖਿਲਵਾੜ ਕੀਤਾ? ਉਨ੍ਹਾਂ ਵਾਅਦਾ ਕੀਤਾ ਕਿ ਜਿੱਤਣ ਤੋਂ ਤੁਰੰਤ ਬਾਅਦ ਉਹ ਸਿਹਤ ਸਹੂਲਤਾਂ ਦਿਵਾਉਣਗੇ ਤੇ ਸਿਵਲ ਹਸਪਤਾਲ ਨੂੰ ਹਾਈਟੈੱਕ ਬਣਾਉਣਗੇ। ਉਹ ਜੱਬੋਵਾਲ ਦੇ ਇੰਸਟੀਚਿਊਸ਼ਨ ਨੂੰ ਮੁੜ ਤੋਂ ਸ਼ੁਰੂ ਕਰਵਾਉਣਗੇ ਤਾਂ ਜੋ ਇਲਾਕੇ ਦੇ ਨੌਜਵਾਨਾਂ ਨੂੰ ਵੱਖ-ਵੱਖ ਕੋਰਸਾਂ ਵਿਚ ਵਿਦਿਆ ਹਾਸਲ ਹੋ ਸਕੇ। ਪੱਤਰਕਾਰਾਂ ਨੂੰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਇਸ ਕਰਕੇ ਚੋਣ ਲੜਨੀ ਪਈ ਕਿਉਂਕਿ ਇਥੇ ਕਾਂਗਰਸੀ ਵਿਧਾਇਕ ਦੀਆਂ ਧੱਕੇਸ਼ਾਹੀਆਂ ਕਾਰਨ ਕਾਂਗਰਸ ਨੂੰ ਬੁਰੀ ਤਰ੍ਹਾਂ ਖੋਰਾ ਲੱਗ ਰਿਹਾ ਸੀ।
ਉਨ੍ਹਾਂ ਦੇ ਚੋਣ ਲੜਨ ਨਾਲ ਸੁਲਤਾਨਪੁਰ ਲੋਧੀ ਦੇ ਕੁੱਲ 13 ਵਾਰਡਾਂ ’ਚ 10 ਕਾਂਗਰਸੀ ਕੌਂਸਲਰ ਹਨ ਜਿਨ੍ਹਾਂ ’ਚੋਂ 9 ਉਨ੍ਹਾਂ ਨਾਲ ਹਨ। ਇਸੇ ਤਰ੍ਹਾਂ ਕਾਂਗਰਸ ਦੇ ਬਲਾਕ ਸਮਿਤੀ ਮੈਂਬਰ, ਚੇਅਰਮੈਨ, ਪੰਚ-ਸਰਪੰਚ ਉਨ੍ਹਾਂ ਦੇ ਹੱਕ ਵਿਚ ਖੜ੍ਹ ਗਏ ਹਨ ਕਿਉਂਕਿ ਉਹ ਮਹਿਸੂਸ ਕਰਨ ਲੱਗ ਪਏ ਹਨ ਕਿ ਜੇਕਰ ਹਲਕੇ ਵਿਚ ਕਾਂਗਰਸ ਨੂੰ ਜਿਉਂਦਾ ਰੱਖਣਾ ਹੈ ਤਾਂ ਫਿਰ ਮੌਜੂਦਾ ਵਿਧਾਇਕ ਨੂੰ ਚਲਦਾ ਕਰਨਾ ਜ਼ਰੂਰੀ ਹੈ।
ਡਿੰਪਾ ਦੇ ਭਰਾ ਨੇ ਆਜ਼ਾਦ ਉਮੀਦਵਾਰ ਵਜੋਂ ਭਰੇ ਕਾਗਜ਼
ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ) ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਭਰਾ ਰਾਜਨ ਗਿੱਲ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਕੇ ਕਾਂਗਰਸ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸਾਂਸਦ ਜਸਬੀਰ ਡਿੰਪਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਆਪਣੇ ਪੁੱਤਰ ਉਪਦੇਸ਼ ਗਿੱਲ ਲਈ ਕਾਂਗਰਸ ਪਾਰਟੀ ਕੋਲੋਂ ਟਿਕਟ ਮੰਗ ਰਹੇ ਸਨ ਪਰ ਹਾਈਕਮਾਨ ਨੇ 2 ਵਾਰ ਰਹੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਟਿਕਟ ਦੇ ਕੇ ਤੀਸਰੀ ਵਾਰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਪਾਰਟੀ ਤੋਂ ਨਰਾਜ਼ ਚਲ ਰਹੇ ਡਿੰਪਾ ਨੇ ਬੀਤੇ ਦਿਨੀਂ ਟਵੀਟ ਕਰਕੇ ਨਰਾਜ਼ਗੀ ਜਾਹਿਰ ਕੀਤੀ ਸੀ ਪਰ ਹੁਣ ਜਸਬੀਰ ਸਿੰਘ ਡਿੰਪਾ ਦੇ ਭਰਾ ਰਾਜਨ ਗਿੱਲ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਭਰ ਦਿੱਤੀ ਹੈ। ਦੂਜੇ ਪਾਸੇ ਕਿਸਾਨ ਸਮਾਜ ਮੋਰਚੇ ਦੇ ਉਮੀਦਵਾਰ ਹਰਜਿੰਦਰ ਸਿੰਘ ਟਾਂਡਾ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਕਾਗਜ ਦਾਖਲ ਕੀਤੇ ਹਨ। ਪੰਜਾਬ ਲੋਕ ਕਾਂਗਰਸ ਵੱਲੋਂ ਅਦਾਕਾਰਾ ਸ਼ਹਿਨਾਜ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ।