ਐੱਨਪੀ ਧਵਨ
ਪਠਾਨਕੋਟ, 28 ਸਤੰਬਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਸਮੂਹ ਕਲੈਰੀਕਲ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੈਣੀ, ਜਨਰਲ ਸਕੱਤਰ ਵਿਸ਼ਾਲਵੀਰ ਅਤੇ ਗੁਰਦੀਪ ਸਫਰੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਗੇਟ ਰੈਲੀ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਮਹਿਕਮਿਆਂ ਤੋਂ ਆਏ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਨਿਖੇਧੀ ਕਰਦੇ ਹੋਏ ਸਮੂਹ ਮੈਂਬਰਾਂ ਨੂੰ ਲਾਮਬੰਦ ਕੀਤਾ ਗਿਆ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਉਨ੍ਹਾਂ ਦੀਆਂ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ, ਡੀਏ ਦਾ ਬਕਾਇਆ, ਪੇਅ ਕਮਿਸ਼ਨ ਦੇ ਬਕਾਏ, ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ, ਰੀ-ਸਟਰਕਚਿੰਗ ਨੂੰ ਵਾਪਸ ਲੈਣਾ, ਮੁਲਾਜ਼ਮਾਂ ਤੇ ਲਗਾਇਆ 200 ਰੁਪਏ ਜਜ਼ੀਆ ਟੈਕਸ ਦੇ ਨਾਲ-ਨਾਲ ਹੋਰ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਵੀ ਤਿੱਖਾ ਕਰਦੇ ਹੋਏ 4 ਅਕਤੂਬਰ ਨੂੰ ਸੰਗਰੂਰ ਵਿਖੇ ਰੈਲੀ ਕੀਤੀ ਜਾਵੇਗੀ। ਇਸ ਤੋਂ ਬਾਅਦ ਚੰਡੀਗੜ੍ਹ ਵਿਖੇ ਹੱਲਾਬੋਲ ਰੈਲੀ ਕੀਤੀ ਜਾਵੇਗੀ। ਇਸ ਮੌਕੇ ਅਸ਼ੋਕ ਕੁਮਾਰ, ਵਾਸੂ ਖਜੂਰੀਆ, ਨਰੇਸ਼ ਕੁਮਾਰ, ਪਬਲਿਕ ਹੈਲਥ ਵਿਭਾਗ ਤੋਂ ਰਾਜਨ ਮਨੀ, ਨਵਦੀਪ ਕੁਮਾਰ, ਐਜੂਕੇਸ਼ਨ ਵਿਭਾਗ ਤੋਂ ਰਾਜ ਦੀਪਕ, ਅਮਿਤ, ਅਰੁਣ, ਯੂਨੀਅਨ ਦੇ ਪ੍ਰਧਾਨ ਜਗਦੀਪ ਕਾਟਲ, ਅਮਰਜੀਤ ਸਿੰਘ, ਚੇਤਨ ਮਹਾਜਨ, ਸੰਗਰਾਮ ਸਿੰਘ, ਮੁਨੀਸ਼ ਕੁਮਾਰ, ਸੁਰਜੀਤ ਕਾਟਲ, ਸੰਨੀ, ਰਿੱਕੀ ਤਨਵਾਲ ਆਦਿ ਹਾਜ਼ਰ ਸਨ।