ਪੱਤਰ ਪ੍ਰੇਰਕ
ਚੇਤਨਪੁਰਾ, 27 ਸਤੰਬਰ
ਟੈਕਨੀਕਲ ਸਰਵਿਸਜ਼ ਯੂਨੀਅਨ (ਪੰਜਾਬ ਰਾਜ ਬਿਜਲੀ ਬੋਰਡ) ਵੱਲੋਂ ਬਿਜਲੀ ਘਰ ਹਰਸ਼ਾ ਛੀਨਾ ਵਿਖੇ ਐਕਸੀਅਨ ਦਿਹਾਤੀ ਮੰਡਲ ਅੰਮ੍ਰਿਤਸਰ ਖਿਲਾਫ਼ ਗੇਟ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਪ੍ਰਧਾਨ ਜੁਗਰਾਜ ਸਿੰਘ ਛੀਨਾ ਨੇ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਐਕਸੀਅਨ (ਦਿਹਾਤੀ) ਮੰਡਲ ਨੂੰ ਡੈਪੂਟੇਸ਼ਨ ਮਿਲਣ ਅਤੇ ਯਾਦ ਪੱਤਰ ਦੇਣ ਦੇ ਬਾਵਜੂਦ ਵੀ ਜਥੇਬੰਦੀ ਦੇ ਦਿੱਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਨੂੰ ਹੱਲ ਨਹੀਂ ਕੀਤਾ ਜਾ ਰਿਹਾ। ਐਕਸੀਅਨ ਵੱਲੋਂ ਜਥੇਬੰਦੀ ਨਾਲ ਕੀਤੀ ਮੀਟਿੰਗ ਵਿੱਚ ਵੀ ਕੋਈ ਤਸੱਲੀਬਖਸ਼ ਜੁਆਬ ਨਹੀਂ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਜੇਕਰ ਬਿਜਲੀ ਕਾਮਿਆਂ ਦੀਆਂ ਮੰਗਾਂ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ, ਜਿਸ ਤੋਂ ਨਿਕਲਣ ਵਾਲੇ ਨਤੀਜਿਆਂ ਦੀ ਜ਼ਿੰਮੇਵਾਰੀ ਐਕਸੀਅਨ ਦਫ਼ਤਰ ਦੀ ਹੋਵੇਗੀ।
ਐਸ.ਡੀ.ਓ ਗੁਰਿੰਦਰ ਪਾਲ ਸਿੰਘ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਰੈਲੀ ਨੂੰ ਸਰਕਲ ਪ੍ਰਧਾਨ ਮਲਕੀਅਤ ਸਿੰਘ ਸੈਂਸਰਾ, ਸਕੱਤਰ ਸੁਖਪਾਲ ਸਿੰਘ ਮਜੀਠਾ, ਹਰਜਿੰਦਰ ਸਿੰਘ ਨਾਗੋਕੇ, ਪਰਮਿੰਦਰ ਸਿੰਘ, ਦਵਿੰਦਰ ਸਿੰਘ ਲੁਹਾਰਕਾ, ਜਰਨੈਲ ਸਿੰਘ ਸੈਂਸਰਾ, ਪ੍ਰੀਤਮ ਸਿੰਘ ਤੇ ਜਤਿੰਦਰ ਸਿੰਘ ਜੇਈ ਨੇ ਸੰਬੋਧਨ ਕੀਤਾ।