ਐੱਨਪੀ ਧਵਨ
ਪਠਾਨਕੋਟ, 17 ਜੁਲਾਈ
ਭਾਜਪਾ ਨੂੰ ਅਲਵਿਦਾ ਆਖਣ ਵਾਲੇ ਸੁਜਾਨਪੁਰ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਰਾਜ ਕੁਮਾਰ ਗੁਪਤਾ ਨੇ ਵਿਧਾਨ ਸਭਾ ਚੋਣ ਦੀ ਤਿਆਰੀ ਨੂੰ ਲੈ ਕੇ ਆਪਣੇ ਸਹਿਯੋਗੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸੁਰੇਸ਼ ਮਹਾਜਨ ਬੌਬੀ, ਰਮੇਸ਼ ਮਹਾਜਨ, ਮਨੋਹਰ ਲਾਲ, ਸਾਬਕਾ ਕੌਂਸਲਰ ਜਗਦੀਸ਼ ਰਾਜ, ਟੋਨੀ, ਬੋਧ ਰਾਜ, ਸੋਦਾਗਰ ਮਹਾਜਨ, ਸੌਰਭ ਗੁਪਤਾ, ਨਵਲ ਸ਼ਰਮਾ, ਸੁਭਾਸ਼ ਅਬਰੋਲ, ਰਵੀ ਬੱਬਰ, ਦਿਨੇਸ਼ ਮਹਾਜਨ, ਡਾ. ਸੰਜੀਵ ਵਰਮਾ, ਸੋਮ ਰਾਜ ਆਦਿ ਹਾਜ਼ਰ ਸਨ। ਇਸ ਮੌਕੇ ਰਾਜ ਕੁਮਾਰ ਗੁਪਤਾ ਨੇ ਐਲਾਨ ਕੀਤਾ ਕਿ ਉਹ ਸੁਜਾਨਪੁਰ ਵਿਧਾਨ ਸਭਾ ਦੀ ਚੋਣ ਆਜ਼ਾਦ ਉਮੀਦਵਾਰ ਵਜੋਂ ਲੜਨਗੇ। ਉਹ 20 ਜੁਲਾਈ ਨੂੰ ਮੋਨੀ ਬਾਬਾ ਮੰਦਰ ’ਚ ਹਵਨ ਕਰਕੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਕਿਹਾ ਕਿ ਸਮਰਥਕ 20 ਜੁਲਾਈ ਨੂੰ ਹਵਨ ਯੱਗ ਵਿੱਚ ਸ਼ਾਮਲ ਹੋਣਗੇ। ਮਗਰੋਂ ਸੁਜਾਨਪੁਰ ਕਸਬੇ ਦੇ ਇਲਾਵਾ ਹਰ ਪਿੰਡ ਜਾ ਕੇ ਚੋਣ ਮੁਹਿੰਮ ਭਖਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦਾ ਭਾਜਪਾ ਨਾਲ ਕੋਈ ਵਾਸਤਾ ਨਹੀਂ ਹੈ। ਜਦੋਂਕਿ ਉਨ੍ਹਾਂ 40 ਸਾਲ ਭਾਰਤੀ ਜਨਤਾ ਪਾਰਟੀ ’ਚ ਕੰਮ ਕੀਤਾ ਤੇ 5 ਵਾਰ ਕੌਂਸਲਰ ਦੀ ਚੋਣ ਵੀ ਜਿੱਤੀ ਪਰ ਪਾਰਟੀ ਦੇ ਸੁਜਾਨਪੁਰ ਤੋਂ ਵਿਧਾਇਕ ਦਿਨੇਸ਼ ਬੱਬੂ ਨੇ ਉਸ ਨਾਲ ਧੋਖਾ ਕੀਤਾ ਹੈ। ਜਿਸ ਕਰਕੇ ਹੁਣ ਉਹ ਆਜ਼ਾਦ ਵਿਧਾਨ ਸਭਾ ਦੀ ਚੋਣ ਲੜਨਗੇ ਤੇ ਭਾਜਪਾ ਨੂੰ ਇਥੋਂ ਉਖਾੜ ਸੁੱਟਣਗੇ।