ਪੱਤਰ ਪ੍ਰੇਰਕ
ਸ਼ਾਹਕੋਟ, 9 ਜਨਵਰੀ
ਦੇਸ਼ ਭਰ ਵਿਚ ਆਲੂ ਉਤਪਾਦਕ ਖੇਤਰ ਵਜੋਂ ਜਾਣੇ ਜਾਂਦੇ ਇਸ ਇਲਾਕੇ ਵਿਚ ਪਿਛਲੇ ਪੰਜ ਦਿਨਾਂ ਤੋਂ ਪਏ ਭਾਰੀ ਮੀਂਹ ਨੇ ਆਲੂ ਉਤਪਾਦਕਾਂ ਦੇ ਫਿਕਰਾਂ ਵਿਚ ਪਾ ਦਿੱਤਾ ਹੈ। ਲਗਾਤਾਰ ਪਏ ਮੀਂਹ ਨਾਲ ਆਲੂਆਂ ਦੀ ਫਸਲ ਪਾਣੀ ਨਾਲ ਭਰ ਗਈ ਹੈ। ਆਲੂਆਂ ਨੂੰ ਬਚਾਉਣ ਲਈ ਕਿਸਾਨ ਖੇਤਾਂ ਵਿਚੋਂ ਵੱਖ-ਵੱਖ ਤਰੀਕਿਆਂ ਨਾਲ ਪਾਣੀ ਬਾਹਰ ਕੱਢ ਰਹੇ ਹਨ। ਸਰਾਏ ਖਾਮ ਦੇ ਕਿਸਾਨ ਪਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ 250 ਏਕੜ ਵਿਚ ਆਲੂਆਂ ਦੀ ਬਿਜਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜਲੰਧਰ ਤੇ ਕਪੂਰਥਲਾ ਦੀ ਆਲੂ ਪੈਦਾ ਕਰਨ ਵਾਲੀ ਇਹ ਧਰਤੀ ਆਲੂਆਂ ਦਾ ਬੀਜ ਤਿਆਰ ਕਰਕੇ ਸਾਰੇ ਦੇਸ਼ ਨੂੰ ਬੀਜ ਸਪਲਾਈ ਕਰਦੀ ਹੈ। ਮੀਂਹ ਨਾਲ ਆਲੂਆਂ ਦੀ ਫਸਲ ਖਰਾਬ ਹੋਣ ਨਾਲ ਆਲੂਆਂ ਦੇ ਬੀਜ ਦੀ ਵੀ ਸਮੱਸਿਆ ਵਧ ਸਕਦੀ ਹੈ। ਕਿਸਾਨ ਹਰਜਿੰਦਰ ਸਿੰਘ ਬਾਗਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਮੇਂ 50 ਏਕੜ ਵਿਚ ਆਲੂਆਂ ਦੀ ਬਿਜਾਈ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮੀਂਹ ਨਾਲ ਅਗੇਤੇ ਆਲੂ ਜੋ ਵੇਲ ਕਟਾਈ ਤੱਕ ਪਹੁੰਚੇ ਹਨ ਦੇ 30 ਫੀਸਦੀ ਨੁਕਸਾਨੇ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ। ਪਛੇਤੀ ਆਲੂਆਂ ਦੀ ਫਸਲ ਉੱਪਰ ਮੀਂਹ ਦਾ ਦੁਰਪ੍ਰਭਾਵ ਪਵੇਗਾ। ਪਿੰਡ ਨਵਾਂ ਕਿਲਾ ਦੇ ਕਿਸਾਨ ਗੁਰਦੇਵ ਸਿੰਘ (ਨੰਬਰਦਾਰ) ਅਤੇ ਸਤਨਾਮ ਸਿੰਘ ਨੀਟਾ ਨੇ ਦੱਸਿਆ ਕਿ ਉਨ੍ਹਾਂ ਨੇ 50-50 ਏਕੜ ਵਿਚ ਆਲੂਆਂ ਦੀ ਬਿਜਾਈ ਕੀਤੀ ਹੋਈ ਹੈ। ਮੀਂਹ ਨਾਲ ਆਲੂਆਂ ਵਿਚ ਪਾਣੀ ਜਮ੍ਹਾਂ ਹੋਣ ਨਾਲ ਜੜ੍ਹ ਗਾਲ ਰੋਗ ਪੈਦਾ ਹੋਣ ਦਾ ਖਤਰਾ ਵਧ ਗਿਆ ਹੈ।