ਪੱਤਰ ਪ੍ਰੇਰਕ
ਤਰਨ ਤਾਰਨ, 23 ਮਾਰਚ
ਅੱਜ ਸਵੇਰ ਵੇਲੇ ਜ਼ਿਲ੍ਹੇ ਵਿੱਚ ਦੂਰ ਦੂਰ ਤੱਕ ਤੁਫਾਨ ਵਰਗੀਆਂ ਤੇਜ਼ ਹਵਾਵਾਂ ਦੇ ਚੱਲਣ ਉਪਰੰਤ ਹੋਈ ਭਾਰੀ ਬਾਰਸ਼ ਨਾਲ ਕਣਕ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਹੈ| ਜ਼ਿਲ੍ਹੇ ਅੰਦਰ ਕਈ ਥਾਵਾਂ ਤੇ ਗੜੇਮਾਰੀ ਵੀ ਹੋਈ ਹੈ| ਇਸ ਦੇ ਨਾਲ ਹੀ ਸੈਂਕੜੇ ਖੰਬੇ ਡਿੱਗਣ ਨਾਲ ਬਿਜਲੀ ਦੀ ਸਪਲਾਈ ਵੀ ਘੰਟਿਆਂ ਤੱਕ ਠੱਪ ਰਹੀ। ਜ਼ਿਲ੍ਹੇ ਦੇ ਕੋਈ 100 ਪਿੰਡਾਂ ਦੀ ਬਿਜਲੀ ਸਪਲਾਈ ਆਖਰੀ ਖਬਰਾਂ ਲਿੱਖੇ ਜਾਣ ਤੱਕ ਬਹਾਲ ਨਹੀਂ ਸੀ ਕੀਤੀ ਸਕੀ| ਜ਼ਿਲ੍ਹੇ ਅੰਦਰ ਝਬਾਲ, ਗੰਡੀਵਿੰਡ, ਸਰਾਏ ਅਮਾਨਤ ਖਾਂ, ਸੁਰਸਿੰਘ, ਖਾਲੜਾ, ਖੇਮਕਰਨ, ਵਲਟੋਹਾ, ਹਰੀਕੇ, ਸਰਹਾਲੀ, ਨੌਸ਼ਹਿਰਾ ਪਨੂੰਆਂ, ਗੋਹਲਵੜ੍ਹ, ਮੰਨਣ, ਪੰਡੋਰੀ ਸਿਧਵਾਂ ਆਦਿ ਖੇਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਣਕ ਦੀਆਂ ਖੜ੍ਹੀਆਂ ਫਸਲਾਂ ਜ਼ਮੀਨ ’ਤੇ ਡਿੱਗ ਗਈਆਂ ਹਨ| ਮੰਡ ਖੇਤਰ ਦੇ ਪਿੰਡ ਚੰਬਾ ਦੇ ਕਿਸਾਨ ਪਰਗਟ ਸਿੰਘ ਨੇ ਦੱਸਿਆ ਕਿ ਮੰਡ ਖੇਤਰ ਦੇ ਉਨ੍ਹਾਂ ਦੇ ਪਿੰਡ ਚੰਬਾ ਤੋਂ ਇਲਾਵਾ ਰੂੜੀ ਵਾਲਾ, ਘੜਕਾ, ਕਰਮੂੰਵਾਲਾ, ਰਾਮ ਸਿੰਘ ਵਾਲਾ ਆਦਿ ਤੋਂ ਲੈ ਕੇ ਖੇਮਕਰਨ ਤੱਕ ਦੇ ਅਨੇਕਾਂ ਪਿੰਡਾਂ ਵਿੱਚ ਬਾਰਸ਼ ਤੇ ਤੁਫ਼ਾਨ ਨੇ ਕਣਕ ਦੀਆਂ ਫਸਲਾਂ ਲੰਬੀਆਂ ਪਾ ਦਿੱਤੀਆਂ ਹਨ| ਉਨ੍ਹਾਂ ਕਿਹਾ ਕਿ ਇਲਾਕੇ ਦੇ ਕਿਸਾਨਾਂ ਵੱਲੋਂ ਇਸ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ| ਮੁੱਖ ਖੇਤੀਬਾੜੀ ਅਧਿਕਾਰੀ (ਸੀਏਓ) ਕੁਲਜੀਤ ਸਿੰਘ ਸੈਣੀ ਨੇ ਫਸਲਾਂ ਦਾ 25% ਤੱਕ ਨੁਕਸਾਨ ਹੋਣ ਦੀ ਗਲ ਆਖੀ ਹੈ| ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਕੁਝ ਥਾਵਾਂ ’ਤੇ ਗੜੇਮਾਰੀ ਵੀ ਹੋਈ ਹੈ| ਪਾਵਰਕੌਮ ਦੇ ਸਥਾਨਕ ਸਰਕਲ ਦੇ ਡਿਪਟੀ ਚੀਫ਼ ਇੰਜਨੀਅਰ ਬਾਲ ਕ੍ਰਿਸ਼ਨ ਨੇ ਦੱਸਿਆ ਕਿ ਤੇਜ਼ ਹਾਵਾਵਾਂ ਨਾਲ ਜ਼ਿਲ੍ਹੇ ਅੰਦਰ ਕੋਈ 300 ਦੇ ਕਰੀਬ ਖੰਬੇ ਡਿੱਗ ਗਏ ਹਨ| ਜ਼ਿਲ੍ਹੇ ਦੇ ਤਰਨ ਤਾਰਨ, ਪੱਟੀ, ਖੇਮਕਰਨ, ਭਿੱਖੀਵਿੰਡ ਆਦਿ ਸ਼ਹਿਰੀ ਖੇਤਰਾਂ ਸਮੇਤ 300 ਦੇ ਕਰੀਬ ਪਿੰਡਾਂ ਦੀ ਬਿਜਲੀ ਠੱਪ ਹੋ ਗਈ ਸੀ| ਅਧਿਕਾਰੀ ਬਾਲ ਕ੍ਰਿਸ਼ਨ ਨੇ ਦੱਸਿਆ ਕਿ ਅੱਜ ਦਿਨ ਭਰ ਸਖਤ ਮਿਹਨਤ ਕਰਨ ’ਤੇ ਵੀ ਕਈ ਫੀਡਰਾਂ ਦੀ ਬਿਜਲੀ ਸਪਲਾਈ ਬਹਾਲ ਨਹੀਂ ਕੀਤੀ ਜਾ ਸਕੀ| ਇਸ ਸਥਿਤੀ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ| ਆਉਂਦੇ ਦਿਨਾਂ ਦੌਰਾਨ ਮੌਸਮ ਵਿਭਾਗ ਵੱਲੋਂ ਭਾਰੀ ਬਾਰਸ਼ ਦੀ ਕੀਤੀ ਜਾ ਰਹੀ ਭਵਿੱਖਬਾਣੀ ਨੇ ਕਿਸਾਨਾਂ ਦੀਆਂ ਰਾਤਾਂ ਦੀਆਂ ਨੀਂਦਰਾਂ ਉੱਡਾ ਦਿੱਤੀਆਂ ਹਨ|
ਬਲਾਚੌਰ (ਗੁਰਦੇਵ ਸਿੰਘ ਗਹੂੰਣ) ਅੱਜ ਸਵੇਰ ਤੋਂ ਬਲਾਚੌਰ ਤੇ ਆਸ-ਪਾਸ ਦੇ ਇਲਾਕੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਅਤੇ ਤੇਜ਼ ਹਨੇਰੀ ਚੱਲਣ ਕਾਰਨ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਇਲਾਕੇ ਦੇ ਜਿਨ੍ਹਾਂ ਕਿਸਾਨਾਂ ਨੇ ਕਣਕ ਦੀ ਫਸਲ ਨੂੰ ਦੋ-ਤਿੰਨ ਦਿਨ ਪਹਿਲਾਂ ਪਾਣੀ ਲਗਾਇਆ ਹੋਇਆ ਸੀ, ਉਨ੍ਹਾਂ ਦੀ ਕਣਕ ਦੀ ਫਸਲ ਤੇਜ਼ ਹਨ੍ਹੇਰੀ ਕਾਰਨ ਵਿਛ ਗਈ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਮਿਹਨਤ-ਮੁਸ਼ੱਕਤ ਕਰਕੇ ਪਾਲੀ ਹੋਈ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਤੇਜ਼ ਹਨ੍ਹੇਰੀ ਕਾਰਨ ਪਿੰਡ ਗਹੂੰਣ ਦੇ ਬਗੀਚਾ ਸਿੰਘ ਦੇ ਘਰ ’ਚ ਪਸ਼ੂਆਂ ਲਈ ਪਾਈ ਹੋਈ ਟੀਨ ਦੀ ਛੱਤ ਹੀ ਉਡ ਗਈ, ਜਿਸ ਕਾਰਨ ਉਸ ਦਾ ਜਾਨੀ ਨੁਕਸਾਨ ਹੋਣੋ ਤਾਂ ਬਚ ਗਿਆ ਪਰ ਮਾਲੀ ਨੁਕਸਾਨ ਹੋ ਗਿਆ।
ਫਤਿਹਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ) ਫਤਿਹਗੜ੍ਹ ਚੂੜੀਆਂ ਇਲਾਕੇ ’ਚ ਹੋਈ ਬਾਰਸ਼ ਤੇ ਤੇਜ਼ ਹਨੇਰੀ ਕਾਰਨ ਕਣਕ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਹੈ। ਪਿੰਡ ਬੱਲਬਾਵਾ, ਤਲਵੰਡੀ ਨਾਹਰ, ਨਵਾਂ ਪਿੰਡ ਤੇ ਮੁਰੀਦਕੇ ਦੇ ਕਿਸਾਨ ਰਾਜਪਾਲ ਸਿੰਘ, ਬਲਦੇਵ ਸਿੰਘ, ਸਰਮੁਖ ਸਿੰਘ ਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਬਾਰਸ਼ ਤੇ ਤੇਜ਼ ਹਨੇਰੀ ਕਾਰਨ ਪੱਕਣ ’ਤੇ ਆਈ ਕਣਕ ਦੀ ਫਸਲ ਲੰਮੇ ਪੈ ਗਈ ਹੈ ਤੇ ਬਹੁਤ ਨੁਕਸਾਨ ਹੋਇਆ ਹੈ।