ਗੁਰਬਖਸ਼ਪੁਰੀ
ਤਰਨ ਤਾਰਨ, 22 ਮਾਰਚ
ਜ਼ਿਲ੍ਹੇ ਅੰਦਰ ਅੱਜ ਸਵੇਰ ਵੇਲੇ ਹੋਈ ਬਾਰਸ਼ ਅਤੇ ਹਲਕੀ ਜਿਹੀ ਗੜੇਮਾਰੀ ਨੇ ਪੱਕਣ ਨੂੰ ਤਿਆਰ ਕਣਕ ਦੀ ਫਸਲ ਦਾ ਨੁਕਸਾਨ ਕੀਤਾ ਹੈ| ਇਸ ਨੁਕਸਾਨ ਨੂੰ ਮੁੱਖ ਖੇਤੀਬਾੜੀ ਅਧਿਕਾਰੀ ਕੁਲਜੀਤ ਸਿੰਘ ਸੈਣੀ ਨੇ ਸਵੀਕਾਰ ਕਰਦਿਆਂ ਦੱਸਿਆ ਕਿ ਅੱਜ ਸਵੇਰ ਵੇਲੇ ਹੋਈ ਇਸ ਬਾਰਸ਼ ਅਤੇ ਗੜ੍ਹੇਮਾਰੀ ਨੇ ਜ਼ਿਲ੍ਹੇ ਅੰਦਰ ਕਣਕ ਦੀਆਂ ਹੁਣੇ ਜਿਹੇ ਪਾਣੀ ਲਗਾਈਆਂ ਭਾਰੀਆਂ ਫਸਲਾਂ ਦਾ ਜ਼ਿਆਦਾ ਨੁਕਸਾਨ ਕੀਤਾ ਹੈ| ਇਲਾਕੇ ਦੇ ਪਿੰਡ ਲਾਲੂਘੁੰਮਣ ਦੇ ਕਿਸਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਲਾਲੂਘੁੰਮਣ, ਨੂਰਦੀ, ਕੋਟ ਧਰਮ ਚੰਦ ਕਲਾਂ, ਪੰਡੋਰੀ ਰਨ ਸਿੰਘ, ਪੰਡੋਰੀ ਰਹਿਮਾਨਾ, ਪੰਡੋਰੀ ਸਿਧਵਾਂ, ਮੰਨਣ ਆਦਿ ਪਿੰਡਾਂ ਅੰਦਰ ਕਣਕ ਦੀਆਂ ਭਾਰੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ| ਰਸੂਲਪੁਰ ਦੇ ਕਿਸਾਨ ਤੇਜਿੰਦਰਪਾਲ ਸਿੰਘ ਰਾਜੂ ਨੇ ਦੱਸਿਆ ਕਿ ਨੌਸ਼ਹਿਰਾ ਪੰਨੂੰਆਂ, ਸਰਹਾਲੀ, ਝਬਾਲ, ਸਰਾਏ ਅਮਾਨਤ ਖਾਂ ਆਦਿ ਇਲਾਕਿਆਂ ਵਿੱਚ ਵੀ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ| ਕਿਸਾਨ ਆਗੂ ਸੁਖਵੰਤ ਸਿੰਘ ਸਭਰਾ ਨੇ ਦੱਸਿਆ ਕਿ ਛੇਤੀ ਬਾਅਦ ਹੀ ਫਿਰ ਬਾਰਸ਼ ਹੋਣ ਨਾਲ ਇਹ ਹੋਇਆ ਨੁਕਸਾਨ ਕਿਤੇ ਜ਼ਿਆਦਾ ਹੋ ਸਕਦਾ ਹੈ| ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਅੱਜ ਦੀ ਬਾਰਸ਼ ਨਾਲ ਸਬਜ਼ੀਆਂ ਦੀਆਂ ਫਸਲਾਂ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ|
ਭੁਲੱਥ (ਦਲੇਰ ਸਿੰਘ) ਬੀਤੇ ਦੋ ਦਿਨਾਂ ਤੋਂ ਮੌਸਮ ਵਿੱਚ ਆਏ ਬੇਮੌਸਮੀ ਬਦਲਾਅ ਕਾਰਨ ਕਣਕ ਤੇ ਸਰੋਂ ਦੀ ਫ਼ਸਲ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਪਰ ਇਸ ਨਾਲ ਠੰਢ ਵਿੱਚ ਵਾਧਾ ਹੋਇਆ ਹੈ ਤੇ ਅਗੋਂ ਦੋ ਦਿਨ ਹੋਰ ਮੌਸਮ ਖ਼ਰਾਬ ਰਹਿਣ ਦੀਆਂ ਖਬਰਾਂ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿਤਾ ਹੈ। ਇਸ ਸਬੰਧੀ ਅੱਜ ਜਦੋਂ ਕਸਬੇ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਇਸ ਪੱਤਰਕਾਰ ਵੱਲੋਂ ਜਾ ਕੇ ਦੇਖਿਆ ਤਾਂ ਕਣਕ ਦੀ ਫ਼ਸਲ ਤੇਜ਼ ਹਵਾਵਾਂ ਤੇ ਹਲਕੀ ਕਿਣਮਿਣ ਕਾਰਨ ਲੰਮੀ ਪੈ ਗਈ ਤੇ ਸਰੋਂ ਦੀ ਫ਼ਸਲ ਜੋ ਪੱਕ ਕੇ ਵਾਢੀ ਲਈ ਤਿਆਰ ਹੈ, ਹਵਾਵਾਂ ਕਾਰਨ ਜ਼ਮੀਨ ’ਤੇ ਕਿਰ ਜਾਣ ਕਾਰਨ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੰਬੜਦਾਰ ਜਸਵਿੰਦਰ ਸਿੰਘ ਚੀਮਾ ਦਾ ਕਹਿਣਾ ਸੀ ਕਿ ਅਗੇ ਤੋਂ ਜਿਹੜੇ ਦੋ ਦਿਨਾਂ ਤੱਕ ਹਵਾਵਾਂ ਚੱਲਣ ਨਾਲ ਮੀਂਹ ਪੈਣ ਨਾਲ ਹੋਰ ਨੁਕਸਾਨ ਹੋਣ ਦੇ ਖਦਸ਼ੇ ਕਾਰਨ ਕਿਸਾਨ ਘਬਰਾਹਟ ਵਿੱਚ ਹੈ ਕਿਉਂਕਿ ਇਸ ਮੌਕੇ ਕਿਸਾਨ ਮੀਂਹ ਦੀ ਕਣੀ ਵੀ ਨਹੀਂ ਚਾਹੁੰਦਾ। ਇਸ ਬੇਮੌਸਮੀ ਬਰਸਾਤ ਤੇ ਹਵਾਵਾਂ ਨੇ ਇਲਾਕੇ ਵਿੱਚ ਠੰਢ ’ਚ ਵਾਧਾ ਕਰ ਦਿੱਤਾ ਹੈ।
ਬਲਾਚੌਰ (ਗੁਰਦੇਵ ਸਿੰਘ ਗਹੂੰਣ) ਅੱਜ ਸਵੇਰ ਤੋਂ ਬਲਾਚੌਰ ਅਤੇ ਆਸ- ਪਾਸ ਦੇ ਇਲਾਕੇ ਵਿੱਚ ਮੀਂਹ ਪੈਣ ਅਤੇ ਠੰਢੀਆਂ ਹਵਾਵਾਂ ਚੱਲਣ ਨਾਲ ਮੌਸਮ ਖੁਸ਼ਗਵਾਰ ਹੋ ਗਿਆ ਹੈ। ਉਂਝ ਮੌਸਮ ਦੇ ਬਦਲੇ ਮਿਜ਼ਾਜ ਨੂੰ ਲੈ ਕੇ ਕਿਸਾਨ ਚਿੰਤਤ ਹਨ ਕਿਉਂਕਿ ਬੜੀਆਂ ਮੁਸ਼ਕਲਾਂ ਨਾਲ ਪਾਲੀ ਹੋਈ ਕਣਕ ਦੀ ਫਸਲ ਕੁਝ ਦਿਨਾਂ ਤੱਕ ਵਾਢੀ ਲਈ ਤਿਆਰ ਹੋ ਜਾਵੇਗੀ ਪਰ ਮੌਸਮ ਦੀ ਖਰਾਬੀ ਕਾਰਨ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਹੋਣ ਦਾ ਖਦਸ਼ਾ ਹੈ।
ਤੇਜ਼ ਹਵਾਵਾਂ ਤੇ ਮੀਂਹ ਨੇ ਕਣਕ ਮੂਧੇ ਮੂੰਹ ਸੁੱਟੀ
ਜਲੰਧਰ (ਪਾਲ ਸਿੰਘ ਨੌਲੀ) ਦੇਰ ਰਾਤ ਚੱਲੀਆਂ ਤੇਜ਼ ਹਵਾਵਾਂ ਅਤੇ ਮੀਂਹ ਦੇ ਛਰਾਟਿਆਂ ਨੇ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਪੱਕਣ ’ਤੇ ਆਈ ਕਣਕ ਨੂੰ ਮੂਧੇ ਮੰੂਹ ਪਾ ਦਿੱਤਾ ਹੈ। ਹਾਲਾਂਕਿ ਖੇਤੀਬਾੜੀ ਵਿਭਾਗ ਨੇ ਜ਼ਿਲ੍ਹਾ ਅਧਿਕਾਰੀਆਂ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਹਨ੍ਹੇਰੀ ਨਾਲ ਕਣਕਾਂ ਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਦੇਰ ਰਾਤ ਲਿਸ਼ਕੀ ਬਿਜਲੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਸੀ। ਰੁਕ-ਰੁਕ ਕੇ ਹਲਕੀ ਬੂੰਦਾ-ਬਾਂਦੀ ਵੀ ਹੋਈ ਤੇ ਉਸ ਤੋਂ ਬਾਅਦ ਚੱਲੀਆਂ ਤੇਜ਼ ਹਵਾਵਾਂ ਨਾਲ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਕਣਕ ਦੀ ਫਸਲ ਨੂੰ ਨੁਕਸਾਨ ਪੁੱਜਾ ਹੈ। ਨਕੋਦਰ, ਨੂਰਮਹਿਲ ਤੇ ਮਹਿਤਪੁਰ ਦੇ ਕੁਝ ਪਿੰਡਾਂ ਵਿਚ ਹਵਾਵਾਂ ਕਾਰਨ ਕਣਕਾਂ ਡਿੱਗੀਆਂ ਹਨ। ਪੰਡੋਰੀ ਪਿੰਡ ਦੇ ਕਿਸਾਨ ਜਸਵੰਤ ਸਿੰਘ ਦਾ ਕਹਿਣਾ ਸੀ ਕਿ ਕਣਕਾਂ ਹੁਣ ਪੱਕਣ ’ਤੇ ਆਈਆਂ ਹਨ। ਅਜਿਹੇ ਮੌਕੇ ਮੌਸਮ ਦੀ ਤਬਦੀਲੀ ਭਾਰੀ ਪੈ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਗਲੇ ਹਫਤੇ ਕਣਕ ਦੀ ਵਾਢੀ ਸ਼ੁਰੂ ਹੋ ਜਾਣੀ ਹੈ।ਖੇਤੀਬਾੜੀ ਅਧਿਕਾਰੀ ਡਾ. ਨਰੇਸ਼ ਗੁਲਾਟੀ ਨੇ ਦੱਸਿਆ ਕਿ ਮੌਸਮ ਵਿੱਚ ਤਬਦੀਲੀ ਜ਼ਰੂਰ ਆਈ ਹੈ ਪਰ ਇਨ੍ਹਾਂ ਹਵਾਵਾਂ ਕਰਕੇ ਕਣਕ ਦਾ ਬਹੁਤਾ ਨੁਕਸਾਨ ਹੋਣ ਦੀਆਂ ਅਧਿਕਾਰਤ ਰਿਪੋਰਟਾਂ ਪ੍ਰਾਪਤ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਬੱਦਲਵਾਈ ਕਾਰਨ ਕਿਸਾਨਾਂ ਦੀ ਫਿਕਰਮੰਦੀ ਬਿਲਕੁਲ ਜਇਜ਼ ਹੈ।