ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 29 ਅਕਤੂਬਰ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਦੇ ਸੁਧਰੇ ਬੀਜ ਦੇਣ ਲਈ ਕੀਤੇ ਗਏ ਵੱਡੇ-ਵੱਡੇ ਐਲਾਨਾਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਕਿਉਂਕਿ ਜ਼ਿਲ੍ਹੇ ਭਰ ਦੇ ਖੇਤੀਬਾੜੀ ਦਫ਼ਤਰਾਂ ਅੰਦਰ ਕਿਸਾਨ ਬੀਜ ਲੈਣ ਲਈ ਧੱਕੇ ਖਾਂਦੇ ਘੁੰਮ ਰਹੇ ਸਨ। ਵਿਭਾਗ ਦੇ ਬਲਾਕ ਪੱਧਰੀ ਦਫ਼ਤਰ ਕਾਹਨੂੰਵਾਨ ਵਿੱਚ ਸਵੇਰ ਤੋਂ ਹੀ ਕਣਕ ਦੀ ਬੀਜ ਲੈਣ ਲਈ ਕਿਸਾਨਾਂ ਦੀ ਭੀੜ ਲੱਗੀ ਹੋਈ ਸੀ। ਇਸ ਮੌਕੇ ਇਕੱਠੇ ਹੋਏ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਭਾਗ ਵੱਲੋਂ ਸੂਚਨਾ ਦੇ ਕੇ ਇੱਥੇ ਸੱਦਿਆ ਗਿਆ ਸੀ ਕਿ ਅੱਜ ਕਣਕ ਦਾ ਬੀਜ ਕਿਸਾਨਾਂ ਨੂੰ ਵੰਡਿਆ ਜਾਵੇਗਾ ਪਰ ਇੱਥੇ ਆਉਣ ’ਤੇ ਬਲਾਕ ਖੇਤੀ ਅਫ਼ਸਰ ਨੇ ਉਨ੍ਹਾਂ ਨੂੰ ਕੋਈ ਠੋਸ ਜਵਾਬ ਨਹੀਂ ਦਿੱਤਾ, ਸਗੋਂ ਇਹ ਕਹਿ ਕਿ ਪੱਲਾ ਝਾੜ ਲਿਆ ਕਿ ਪਿੱਛੇ ਤੋਂ ਸਪਲਾਈ ਨਹੀਂ ਹੋ ਰਹੀ ਹੈ ਜਿਸ ਕਾਰਨ ਉਹ ਕਿਸਾਨਾਂ ਨੂੰ ਅਜੇ ਕਣਕ ਦਾ ਬੀਜ ਉਪਲਬਧ ਨਹੀਂ ਕਰਵਾ ਸਕਦੇ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਉੱਚ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ ਤੇ ਜਦੋਂ ਵੀ ਬੀਜ ਦੀ ਸਪਲਾਈ ਉਨ੍ਹਾਂ ਤੱਕ ਪਹੁੰਚੇਗੀ ਤਾਂ ਉਹ ਕਿਸਾਨਾਂ ਨੂੰ ਜ਼ਰੂਰ ਸੂਚਿਤ ਕਰ ਦੇਣਗੇ।
ਉੱਧਰ, ਕਿਸਾਨਾਂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਰੀਬ ਇੱਕ ਹਫ਼ਤੇ ਤੋਂ ਉਨ੍ਹਾਂ ਨੂੰ ਲਾਰੇ ਲਗਾਏ ਜਾ ਰਹੇ ਹਨ ਕਿ ਉਹ ਬੀਜ ਇੱਕ-ਦੋ ਦਿਨਾਂ ਦੇ ਵਿੱਚ ਲੈ ਜਾਣ ਪਰ ਉਨ੍ਹਾਂ ਨੂੰ ਅਜੇ ਤੱਕ ਇੱਕ ਵੀ ਦਾਣਾ ਕਣਕ ਦਾ ਬੀਜ ਉਪਲਬਧ ਨਹੀਂ ਹੋ ਸਕਿਆ ਹੈ। ਕਿਸਾਨਾਂ ਵੱਲੋਂ ਵਿਰੋਧ ਕੀਤੇ ਜਾਣ ’ਤੇ ਵਿਭਾਗ ਵੱਲੋਂ 100 ਪਰਮਿਟ ਜਾਰੀ ਕੀਤੇ ਗਏ ਹਨ, ਜਿਸ ਦੇ ਆਧਾਰ ਉੱਤੇ ਕਿਸਾਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕਿਸੇ ਵੀ ਪ੍ਰਾਈਵੇਟ ਬੀਜ ਵਿਕਰੇਤਾ ਤੋਂ ਬੀਜ ਲੈ ਕੇ ਸਬਸਿਡੀ ਪ੍ਰਾਪਤ ਕਰ ਸਕਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹਲਕੇ ਵਿੱਚੇ ਕਿਸੇ ਵੀ ਬੀਜ ਵਿਕਰੇਤਾ ਕੋਲ ਕਣਕ ਦਾ ਬੀਜ ਉਪਲਬਧ ਨਹੀਂ ਹੈ, ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਪਲਾਈ ਘੱਟ ਆਉਣ ਕਾਰਨ ਪੇਸ਼ ਆਈ ਸਮੱਸਿਆ: ਮੁੱਖ ਖੇਤੀ ਅਫ਼ਸਰ
ਗੁਰਦਾਸਪੁਰ ਦੇ ਮੁੱਖ ਖੇਤੀ ਅਫ਼ਸਰ ਡਾ. ਕੰਵਲਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਮੰਗ ਦੇ ਮੁਕਾਬਲੇ ਸਪਲਾਈ ਘੱਟ ਮਿਲਣ ਕਾਰਨ ਕਿਸਾਨਾਂ ਨੂੰ ਬੀਜ ਵੰਡਣ ਵਿੱਚ ਵੱਡੀ ਮੁਸ਼ਕਿਲ ਖੜ੍ਹੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬੀਜ ਦੀ ਸਪਲਾਈ ਛੇ ਬਲਾਕ ਦਫ਼ਤਰਾਂ ਵਿੱਚ ਪਹੁੰਚ ਗਈ ਹੈ ਅਤੇ ਬਾਕੀ ਬਲਾਕਾਂ ਵਿੱਚ ਵੀ ਸਪਲਾਈ ਜਲਦੀ ਹੀ ਪੁੱਜਦੀ ਕਰਵਾਉਣ ਲਈ ਉਹ ਵਚਨਬੱਧ ਹਨ।