ਪੱਤਰ ਪ੍ਰੇਰਕ
ਅਟਾਰੀ, 31 ਅਕਤੂਬਰ
ਪੰਜਾਬੀ ਸਾਹਿਤ ਸਭਾ ਚੋਗਾਵਾਂ ਅੰਮ੍ਰਿਤਸਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ 33ਵਾਂ ਸਾਲਾਨਾ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਾਲੀ ਵਿੱਚ ਕਰਵਾਇਆ ਗਿਆ। ਸਮਾਰੋਹ ਦੇ ਮੁੱਖ ਮਹਿਮਾਨ ਲੇਖਕ ਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੋ. ਜਸਵੰਤ ਸਿੰਘ ਕੈਲਵੀ ਸਨ। ਉਨ੍ਹਾਂ ਦੇ ਨਾਲ ਡਾ. ਹੀਰਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਾਲੀ ਦੇ ਪ੍ਰਿੰਸੀਪਲ ਹਰਿੰਦਰਪਾਲ ਕੌਰ, ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦੇ ਮੀਤ ਪ੍ਰਧਾਨ ਸਤਿੰਦਰ ਸਿੰਘ ਓਠੀ, ਸ਼੍ਰੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦੇ ਪ੍ਰਧਾਨ ਢਾਡੀ ਭਾਈ ਗੁਲਜਾਰ ਸਿੰਘ ਖੇੜਾ, ਫਤਹਿਗੜ੍ਹ ਚੂੜੀਆਂ ਤੋਂ ਸੁੱਚਾ ਸਿੰਘ ਰੰਧਾਵਾ, ਕਲਮਾਂ ਦਾ ਕਾਫ਼ਲਾ ਸਾਹਿਤਕ ਗਰੁੱਪ ਦੇ ਪ੍ਰਧਾਨ ਗੁਰਜੀਤ ਕੌਰ ਅਜਨਾਲਾ ਨੇ ਸਾਂਝੇ ਰੂਪ ’ਚ ਸਮਾਰੋਹ ਦੀ ਪ੍ਰਧਾਨਗੀ ਕੀਤੀ। ਮੰਚ ਸੰਚਾਲਕ ਦੇ ਫਰਜ਼ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਨਿਭਾਏ। ਸਭਾ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਕੰਬੋ ਨੇ ਸਭਾ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਸਭਾ ਵੱਲੋਂ ਕਹਾਣੀਕਾਰ ਅਵਤਾਰ ਸਿੰਘ ਓਠੀ ਨੂੰ ‘ਕਥਾਕਾਰ ਤਲਵਿੰਦਰ ਸਿੰਘ ਯਾਦਗਾਰੀ ਪੁਰਸਕਾਰ’, ਅਦਾਕਾਰ ਗੁਰਤੇਜ ਮਾਨ ਨੂੰ ‘ਹਰਭਜਨ ਸਿੰਘ ਜੱਬਲ ਪੁਰਸਕਾਰ’, ਗੀਤਕਾਰ ਨਿੰਮਾ ਲੋਹਾਰਕਾ ਨੂੰ ‘ਕਵੀ ਸੋਹਣ ਸਿੰਘ ਧੌਲ ਪੁਰਸਕਾਰ’ ਅਤੇ ਗਾਇਕ ਤੇ ਪੱਤਰਕਾਰ ਸੁਖਵੰਤ ਚੇਤਨਪੁਰੀ ਨੂੰ ‘ਕਾਮਰੇਡ ਸੋਹਣ ਸਿੰਘ ਜੋਸ਼ ਯਾਦਗਾਰੀ ਪੁਰਸਕਾਰ’ ਦਿੱਤਾ ਗਿਆ। ਸਮਾਗਮ ਦੇ ਮੁੱਖ ਮੇਜ਼ਬਾਨ ਗੁਰਮੀਤ ਸਿੰਘ ਕੋਹਾਲੀ, ਕਹਾਣੀਕਾਰ ਬਲਵਿੰਦਰ ਝਬਾਲ, ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਭੁਪਿੰਦਰ ਸਿੰਘ ਮੱਟੂ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲਜੀਤ ਸਿੰਘ ਕੁੱਕੂ ਕੋਹਾਲੀ ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ।