ਐਨ.ਪੀ. ਧਵਨ
ਪਠਾਨਕੋਟ, 17 ਜੂਨ
ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪਿਛਲੇ ਸਾਲ ਪਿੰਡ ਮੁੱਦੇ ਵਿੱਚ 550 ਪੌਦੇ ਲਗਾਏ ਗਏ ਸਨ ਪਰ ਉਨ੍ਹਾਂ ਵਿੱਚੋਂ ਇੱਕ ਵੀ ਬੂਟਾ ਫਲ ਨਹੀਂ ਸਕਿਆ। ਜਿਸ ਕਾਰਨ ਵਿਭਾਗ ਦੀ ਕਾਰਗੁਜ਼ਾਰੀ ਤੇ ਲੋਕ ਉਂਗਲੀਆਂ ਚੁੱਕਣ ਲੱਗੇ ਹਨ। ਪਿੰਡ ਮੁੱਦੇ ਦੇ ਸਾਬਕਾ ਪੰਚਾਇਤ ਮੈਂਬਰ ਨਿਰੰਜਨ ਦਾਸ, ਜਗਨ ਨਾਥ ਅਤੇ ਅਜੇ ਕੁਮਾਰ ਨੇ ਦੱਸਿਆ ਕਿ ਪੰਚਾਇਤ ਦੀ ਭੂਮੀ ਤੇ ਲਗਪਗ ਸਾਢੇ 5 ਸੌ ਪੌਦੇ ਲਗਾਏ ਗਏ ਸਨ ਪਰ ਲਗਪਗ 1 ਸਾਲ ਬੀਤਣ ਦੇ ਬਾਅਦ ਵੀ ਇਹ ਪੌਦੇ ਫਲ ਨਹੀਂ ਸਕੇ ਹਨ। ਕਈ ਜਗ੍ਹਾ ਭੂਮੀ ਨੂੰ ਅੱਗ ਲਗਾ ਦਿੱਤੀ ਗਈ ਅਤੇ ਕਈ ਪੌਦੇ ਸੁੱਕ ਕੇ ਝੜ ਗਏ। ਜਿਸ ਕਾਰਨ ਸਰਕਾਰ ਵੱਲੋਂ ਖਰਚ ਕਰਕੇ ਲਗਾਏ ਪੌਦਿਆਂ ਦਾ ਪ੍ਰਾਜੈਕਟ ਅੱਧ-ਵਿਚਕਾਰ ਹੀ ਲਟਕ ਗਿਆ ਹੈ ਤੇ ਅਧਿਕਾਰੀਆਂ ਦਾ ਹਰਿਆਲੀ ਬਣਾਉਣ ਦਾ ਸੁਪਨਾ ਵੀ ਸਾਕਾਰ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਸਰਪੰਚ ਵੱਲੋਂ ਮਨਰੇਗਾ ਦੀ ਲੇਬਰ ਰਾਹੀਂ ਲਗਵਾਏ ਪੌਦਿਆਂ ਦਾ ਭੋਰਾ ਵੀ ਫਾਇਦਾ ਨਹੀਂ ਹੋਇਆ। ਇਸ ਸਬੰਧੀ ਸਰਪੰਚ ਬਿਆਸ ਚੰਦਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੌਦਿਆਂ ਦੀ ਦੇਖ-ਰੇਖ ਦਾ ਕੰਮ ਜੰਗਲਾਤ ਵਿਭਾਗ ਨੇ ਕਰਨਾ ਹੁੰਦਾ ਹੈ ਜਦੋਂਕਿ ਉਨ੍ਹਾਂ ਤਾਂ ਮਾਤਰ ਲੇਬਰ ਹੀ ਦਿੱਤੀ ਸੀ। ਇਸ ਕਰਕੇ ਜੰਗਲਾਤ ਵਿਭਾਗ ਦੀ ਜਿੰਮੇਂਵਾਰੀ ਬਣਦੀ ਹੈ। ਇਸ ਸਬੰਧੀ ਜੰਗਲਾਤ ਵਿਭਾਗ ਦੇ ਗਾਰਡ ਰਘਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਇਸ ਪ੍ਰਾਜੈਕਟ ਨੂੰ ਮਨਰੇਗਾ ਸਕੱਤਰ ਦੇ ਹਵਾਲੇ ਕਰ ਦਿੱਤਾ ਗਿਆ ਸੀ। ਸਕੱਤਰ ਪਵਨ ਕੁਮਾਰ ਨੇ ਕਿਹਾ ਕਿ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ। ਜਦੋਂ ਪੌਦੇ ਲਗਾਏ ਜਾ ਰਹੇ ਸਨ ਤਾਂ ਉਸ ਵੇਲੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸਨ ਕਿ ਇਨ੍ਹਾਂ ਪੌਦਿਆਂ ਨਾਲ ਹਰਿਆਵਲ ਵਧੇਗੀ ਤੇ ਵਾਤਾਵਰਣ ਸ਼ੁੱਧ ਹੋਵੇਗਾ।