ਅਸ਼ੋਕ ਸ਼ਰਮਾ
ਅਜਨਾਲਾ, 9 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਕਿ ਊਸ ਸਮੇਤ ਅਕਾਲੀ ਵਰਕਰਾਂ ’ਤੇ ਪੁਲੀਸ ਵੱਲੋਂ ਸਰਕਾਰੀ ਨਿਯਮਾਂ ਦੀ ਉਲੰਘਣਾ ਦਾ ਕੀਤਾ ਗਿਆ ਕੇਸ ਅਕਾਲੀ ਵਰਕਰਾਂ ਦੀ ਇਕਜੁਟਤਾ ਤੇ ਕਾਂਗਰਸ ਪਾਰਟੀ ਦੀ ਬੁਖਲਾਹਟ ਦਾ ਨਤੀਜਾ ਹੈ। ਸ੍ਰੀ ਅਜਨਾਲਾ ਨੇ ਦੱਸਿਆ ਕਿ ਮੌਜੂਦਾ ਪੰਜਾਬ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਸ ਲਈ ਲੋਕਾਂ ਦਾ ਧਿਆਨ ਹਟਾਉਣ ਲਈ ਸਰਕਾਰ ਪੁਲੀਸ ਦੀ ਮਦਦ ਨਾਲ ਅਕਾਲੀ ਵਰਕਰਾਂ ਤੇ ਆਗੂਆਂ ’ਤੇ ਕਥਿਤ ਝੂਠੇ ਕੇਸ ਬਣਵਾ ਰਹੀ ਹੈ।। ਇਸ ਮੌਕੇ ਚੌਧਰੀ ਅਸ਼ੋਕ ਮੰਨਣ, ਦੀਪੂ ਅਰੋੜਾ, ਪ੍ਰਦੀਪ ਬੰਟਾ, ਬੱਬੂ ਮਹਾਜਨ, ਅਮਰਜੀਤ ਸਿੰਘ, ਸ਼ਿਵਦੀਪ ਸਿੰਘ ਆਦਿ ਹਾਜ਼ਰ ਸਨ।
ਅਕਾਲੀ ਆਗੂਆਂ ਤੇ ਵਰਕਰਾਂ ਖ਼ਿਲਾਫ਼ ਕੇਸ ਦਰਜ
ਡੇਰਾ ਬਾਬਾ ਨਾਨਕ (ਦਲਬੀਰ ਸੱਖੋਵਾਲੀਆ): ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨ ’ਤੇ ਅਕਾਲੀ ਦਲ ਯੂਥ ਦੇ ਲੀਡਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਸਮੇਤ 50-60 ਅਣਪਛਾਤੇ ਵਿਅਕਤੀਆਂ ਵਿਰੁੱਧ ਪੁਲੀਸ ਨੇ ਕੇਸ ਦਰਜ ਕੀਤਾ ਹੈ। ਕੋਟਲੀ ਸੂਰਤ ਮੱਲ੍ਹੀ ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਨੇ ਬਿਨਾਂ ਇਜਾਜ਼ਤ ਲਏ ਇਕੱਠ ਕੀਤਾ ਅਤੇ ਕੋਈ ਸਮਾਜਿਕ ਦੂਰੀ ਨਹੀਂ ਬਣਾਈ ਗਈ। ਸੋਨੂੰ ਲੰਗਾਹ ਤੋਂ ਇਲਾਵਾ ਸਰਕਲ ਪ੍ਰਧਾਨ ਬਲਰਾਜ ਸਿੰਘ ਖਹਿਰਾ, ਸਾਬਕਾ ਸਰਪੰਚ ਜਸਵੰਤ ਸਿੰਘ ਕੋਟਲੀ ਸਮੇਤ ਹੋਰ 50-60 ਅਣਪਛਾਤੇ ਆਦਮੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।