ਐੱਨ.ਪੀ.ਧਵਨ
ਪਠਾਨਕੋਟ, 7 ਮਈ
ਨਜਾਇਜ਼ ਮਾਈਨਿੰਗ ਨੂੰ ਲੈ ਕੇ ਹਾੜਾ ਦੀ ਸਰਪੰਚ ਪੱਲਵੀ ਠਾਕੁਰ ਦੀ ਅਗਵਾਈ ਵਿੱਚ ਮਾਈਨਿੰਗ ਮਾਫ਼ੀਆ ਦੀਆਂ ਗੱਡੀਆਂ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਕੇਵਲ ਸਿੰਘ, ਰੋਹਿਤ ਕੁਮਾਰ, ਰਵਿੰਦਰ ਸਿੰਘ, ਅਮਨ ਪਠਾਨੀਆ, ਰਸ਼ਪਾਲ ਸਿੰਘ, ਸ਼ਾਮ ਲਾਲ, ਸ਼ਾਮਲੀ ਦੇਵੀ ਆਦਿ ਹਾਜ਼ਰ ਸਨ। ਹਾੜਾ ਦੀ ਸਰਪੰਚ ਪੱਲਵੀ ਠਾਕੁਰ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਵੱਲੋਂ ਹਰਿਆਲ ਵਿੱਚ ਲੱਗੇ ਕਰੈਸ਼ਰਾਂ ਲਈ ਕਿਸੇ ਵੀ ਖੱਡ ਅਤੇ ਹਰਿਆਲ, ਤਰਹੇਟੀ, ਨਾਰਾਇਣਪੁਰ, ਹਾੜਾ, ਬਘਾਰ ਵਿੱਚ ਮਾਈਨਿੰਗ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਇਸ ਦੇ ਬਾਵਜੂਦ ਵੀ ਕਰੈਸ਼ਰ ਉਦਯੋਗ ਨਾਲ ਜੁੜੇ ਲੋਕ ਰਾਤ ਦੇ ਸਮੇਂ ਅਤੇ ਮੌਕਾ ਪਾ ਕੇ ਚੋਰੀ-ਛਿਪੇ ਚੱਕੀ ਖੱਡ ਵਿੱਚ ਨਜਾਇਜ਼ ਮਾਈਨਿੰਗ ਨੂੰ ਅੰਜਾਮ ਦੇ ਰਹੇ ਹਨ। ਅੱਜ ਵੀ ਜਦ ਉਹ ਆਪਣੇ ਪਿੰਡ ਵਾਸੀਆਂ ਨਾਲ ਨਜਾਇਜ਼ ਮਾਈਨਿੰਗ ਕਰਨ ਵਾਲੀ ਗੱਡੀਆਂ ਨੂੰ ਫੜ ਕੇ ਪੰਜਾਬ ਮਾਈਨਿੰਗ ਵਿਭਾਗ, ਜੰਗਲਾਤ ਵਿਭਾਗ ਅਤੇ ਧਾਰਕਲਾਂ ਪੁਲੀਸ ਨੂੰ ਸੂਚਿਤ ਕਰਕੇ ਇਥੇ ਬੁਲਾਇਆ ਤਾਂ 4 ਘੰਟੇ ਇੰਤਜ਼ਾਰ ਕਰਨ ਤੱਕ ਉਹ ਨਹੀਂ ਪੁੱਜੇ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦਾ ਪੂਰਾ ਪ੍ਰਸ਼ਾਸਨ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨਾਲ ਮਿਲਿਆ ਹੋਇਆ ਹੈ। ਸਮੂਹ ਪਿੰਡ ਵਾਸੀਆਂ ਨੇ ਦੱਸਿਆ ਕਿ ਚੱਕੀ ਪੁਲ ਖੱਡ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਕਾਰਨ ਉਨ੍ਹਾਂ ਦੇ ਪਿੰਡ ਦੀ ਵਾਟਰ ਸਪਲਾਈ ਜੋ ਕਿ ਚੱਕੀ ਖੱਡ ਦੇ ਕਿਨਾਰੇ ਉੱਤੇ ਹੈ, ਪਾਣੀ ਦਾ ਪੱਧਰ ਬਹੁਤ ਥੱਲੇ ਚਲਾ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਪਾਣੀ ਦੀ ਭਾਰੀ ਕਿੱਲਤ ਹੋ ਰਹੀ ਹੈ।
ਉਨ੍ਹਾਂ ਮੰਗ ਕੀਤੀ ਕਿ ਨਜਾਇਜ਼ ਮਾਈਨਿੰਗ ਖਿਲਾਫ਼ ਕਾਰਵਾਈ ਕਰਕੇ ਇਸ ਨੂੰ ਬੰਦ ਕੀਤਾ ਜਾਵੇ। ਇਸ ਸਬੰਧੀ ਜਦ ਜ਼ਿਲ੍ਹਾ ਜੰਗਲਾਤ ਅਧਿਕਾਰੀ ਰਾਜੇਸ਼ ਗੁਲਾਟੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇੱਕ ਟੀਮ ਜੰਗਲਾਤ ਰੇਂਜ ਅਧਿਕਾਰੀ ਅਸ਼ਵਨੀ ਕੁਮਾਰ ਨਾਲ ਭੇਜੀ ਹੈ, ਉਸ ਦੀ ਰਿਪੋਰਟ ਆਉਣ ਬਾਅਦ ਅੱਗੇ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਸਬੰਧੀ ਜਦ ਧਾਰਕਲਾਂ ਪੁਲੀਸ ਦੇ ਥਾਣਾ ਮੁਖੀ ਹਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਮੌਕੇ ਤੇ ਜਾਇਜ਼ਾ ਲੈਣਗੇ। ਜੇਕਰ ਕੋਈ ਪੰਜਾਬ ਦੇ ਖੇਤਰ ਵਿੱਚ ਮਾਈਨਿੰਗ ਕਰਦਾ ਪਾਇਆ ਗਿਆ ਤਾਂ ਉਸ ਉਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।