ਪੱਤਰ ਪ੍ਰੇਰਕ
ਤਰਨ ਤਾਰਨ, 19 ਦਸੰਬਰ
ਅੱਜ ਐਤਵਾਰ ਛੁੱਟੀ ਵਾਲਾ ਦਿਨ ਹੋਣ ਦੇ ਬਾਵਜੂਦ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰਦੀਆਂ ਨਰਸਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਥੋਂ ਦੇ ਸਿਵਲ ਹਸਪਤਾਲ ਵਿੱਚ ਧਰਨਾ ਦਿੱਤਾ| ਨਰਸਾਂ ਵੱਲੋਂ ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ ਵੀ ਠੱਪ ਕਰ ਰੱਖੀਆਂ ਹਨ| ਇਸੇ ਕਰਕੇ ਸਿਵਲ ਹਸਪਤਾਲਾਂ ਅੰਦਰ ਸਿਹਤ ਸੇਵਾਵਾਂ ’ਤੇ ਡਾਢਾ ਅਸਰ ਪੈ ਰਿਹਾ ਹੈ| ਜੁਆਇੰਟ ਐਕਸ਼ਨ ਨਰਸਿੰਗ ਕਮੇਟੀ ਪੰਜਾਬ ਅਤੇ ਯੂਟੀ ਦੇ ਝੰਡੇ ਹੇਠ ਅੰਦੋਲਨ ਕਰਦੀਆਂ ਨਰਸਾਂ ਦੀ ਹੜਤਾਲ ਦਾ ਅੱਜ 14ਵਾਂ ਦਿਨ ਹੈ|
ਧਰਨਾਕਾਰੀ ਨਰਸਾਂ ਨੂੰ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਕੁਲਵੰਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਨਰਸਾਂ ਨਾਲ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਕੀਤੀਆਂ ਬੇਨਿਯਮੀਆਂ ਦੂਰ ਕਰਨ ਤੋਂ ਇਲਾਵਾ ਹੋਰ ਮੰਗਾਂ ਪੂਰੀਆਂ ਕਰਨ ਲਈ ਜ਼ੋਰ ਦਿੱਤਾ ਜਾ ਰਿਹਾ ਹੈ| ਅੰਦੋਲਨਕਾਰੀ ਨਰਸਾਂ ਵੱਲੋਂ ਵਿਭਾਗ ਦੇ ਡਾਇਰੈਕਟਰ ਡਾ. ਜੀ.ਬੀ. ਸਿੰਘ ਦੇ ਅਚਾਨਕ ਹਸਪਤਾਲ ਆਉਣ ’ਤੇ ਚੰਨੀ ਸਰਕਾਰ ਅਤੇ ਵਿਭਾਗ ਖ਼ਿਲਾਫ਼ ਖੂਬ ਨਾਅਰੇਬਾਜ਼ੀ ਕੀਤੀ ਗਈ| ਡਾ. ਸਿੰਘ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੱਟੀ ਵਿੱਚ ਕਾਂਗਰਸ ਪਾਰਟੀ ਦੀ ਕੀਤੀ ਰੈਲੀ ਵਿੱਚ ਸ਼ਾਮਲ ਹੋਣ ਲਈ ਆਏ ਸਨ ਅਤੇ ਉਹ ਰਾਹ ਵਿੱਚ ਇਥੇ ਰੁਕ ਗਏ| ਉਨ੍ਹਾਂ ਇਥੋਂ ਦੇ ਸਿਵਲ ਹਸਪਤਾਲ ਕੰਪਲੈਕਸ ਅੰਦਰ ਨਿਰਮਾਣ ਅਧੀਨ ਆਕਸੀਜ਼ਨ ਪਲਾਂਟ ਦੇ ਕੰਮ ਦਾ ਨਿਰੀਖਣ ਕੀਤਾ| ਸਿਵਲ ਹਸਪਤਾਲ ਦੇ ਐੱਸਐੱਮਓ ਇੰਚਾਰਜ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਆਕਸੀਜ਼ਨ ਪਲਾਂਟ ਦਾ ਕੰਮ ਪ੍ਰਗਤੀ ਅਧੀਨ ਹੈ ਅੇ ਇਹ ਤਸੱਲੀਬਖਸ਼ ਢੰਗ ਨਾਲ ਚੱਲ ਰਿਹਾ ਹੈ|
ਸਿਹਤ ਕਾਮਿਆਂ ਦੀ ਹੜਤਾਲ ਜਾਰੀ
ਸ਼ਾਹਕੋਟ (ਪੱਤਰ ਪ੍ਰੇਰਕ) ਠੇਕਾ ਆਧਾਰਤ ਭਰਤੀ ਹੋਏ ਸਿਹਤ ਕਰਮਚਾਰੀਆਂ ਵੱਲੋਂ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਕੀਤੀ ਹੋਈ ਹੜਤਾਲ ਨਿਰੰਤਰ ਜਾਰੀ ਹੈ। ਸਥਾਨਕ ਕਮਿਊਨਿਟੀ ਹੈਲਥ ਸੈਂਟਰ ਤੋਂ ਇਲਾਵਾ ਲੋਹੀਆਂ ਖਾਸ ਤੇ ਮਹਿਤਪੁਰ ਦੇ ਸਿਹਤ ਕਰਮਚਾਰੀਆਂ ਵੱਲੋਂ ਮੰਗਾਂ ਨੂੰ ਮੰਨਵਾਉਣ ਲਈ ਕਈ ਦਿਨਾਂ ਤੋਂ ਕੀਤੀ ਹੋਈ ਹੜਤਾਲ ਕਾਰਣ ਸਿਹਤ ਸੇਵਾਵਾਂ ਬੁਰੀ ਤਰਾਂ ਪ੍ਰਭਾਵਿਤ ਹੋ ਰਹੀਆਂ ਹਨ। ਰਾਸ਼ਟਰੀ ਸਿਹਤ ਮਿਸ਼ਨ ਯੋਜਨਾ ਅਧੀਨ ਕੰਮ ਕਰਦੇ ਸਿਹਤ ਕਾਮਿਆਂ ਦੇ ਆਗੂ ਡਾ. ਧੀਰਜ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 10-15 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਦੇ ਆ ਰਹੇ ਹਨ। ਸਰਕਾਰ ਵੱਲੋਂ ਪੱਕੇ ਕੀਤੇ ਜਾ ਰਹੇ ਮੁਲਾਜ਼ਮਾਂ ਦੀ ਸੂਚੀ ਵਿਚੋ ਉਨ੍ਹਾਂ ਨੂੰ ਬਾਹਰ ਰੱਖਕੇ ਕਰੋਨਾ ਕਾਲ ’ਚ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਸਿਹਤ ਕਾਮਿਆਂ ਨਾਲ ਘੋਰ ਬੇਇੰਨਸਾਫੀ ਕੀਤੀ ਹੈ। ਸੇਵਾਵਾਂ ਰੈਗੂਲਰ ਕਰਵਾਉਣ ਲਈ ਉਹ ਪਿਛਲੇ ਕਈ ਦਿਨਾਂ ਤੋਂ ਹੜਤਾਲ ’ਤੇ ਚੱਲ ਰਹੇ ਹਨ। ਪਰ ਸੂਬੇ ਦੇ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀ ਦੇ ਰਹੀ ਹੈ। ਡਾ ਪੂਨਮ ਯਾਦਵ, ਅਵਨੀਤ, ਰਮਨਜੀਤ,ਬਲਜੀਤ, ਦੀਪਿਕਾ, ਸੰਦੀਪ ਕੌਰ ਅਤੇ ਨੀਲਮ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪ੍ਰਵਾਨ ਨਾ ਕੀਤਾ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰ ਦੇਣਗੇ।