ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਅਕਤੂਬਰ
ਸਰਕਾਰੀ ਕਾਲਜਾਂ ਵਿਚ ਕੰਮ ਕਰ ਰਹੇ ਗੈਸਟ ਫੈਕਲਿਟੀ ਸਹਾਇਕ ਪ੍ਰੋਫੈਸਰਾਂ ਨੇ ਅੱਜ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਇਥੇ ਸਰੂਪ ਰਾਣੀ ਸਰਕਾਰੀ ਕਾਲਜ ਵਿਖੇ ਸਰਕਾਰ ਖਿਲਾਫ ਰੋਸ ਧਰਨਾ ਦਿੱਤਾ ਹੈ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਕਾਲਜ ਕੈਂਪਸ ਵਿਚ ਧਰਨਾ ਦਿੱਤਾ ਅਤੇ ਤਖਤੀਆਂ ਚੁਕ ਕੇ ਆਪਣੀਆਂ ਮੰਗਾਂ ਦਾ ਪ੍ਰਗਟਾਵਾ ਕੀਤਾ । ਪ੍ਰਦਰਸ਼ਨਕਾਰੀਆਂ ਵਿਚ ਪ੍ਰੋ. ਪਰਮਜੀਤ ਸਿੰਘ, ਹਰਕਮਲ ਚੁਘ, ਮੰਜੂ ਕੋਛੜ, ਸਿਮਰਬੀਰ ਕੌਰ, ਵੰਦਨਾ ਅਰੋੜਾ ਤੇ ਹੋਰਨਾਂ ਨੇ ਸੰਬੋਧਨ ਕੀਤਾ।ਉਨ੍ਹਾਂ ਦੱਸਿਆ ਕਿ ਇਸ ਵੇਲੇ ਸੂਬੇ ਦੇ 48 ਸਰਕਾਰੀ ਕਾਲਜਾਂ ਵਿਚ 1873 ਆਸਾਮੀਆਂ ਹਨ , ਜਿਨਾਂ ਵਿਚੋਂ 962 ਤੇ ਗੈਸਟ ਫੈਕਲਿਟੀ ਸਹਾਇਕ ਪ੍ਰੋਫੈਸਰ ਕੰਮ ਕਰ ਰਹੇ ਹਨ। ਮੰਜੂਰਸ਼ੁਦਾ ਲਗਪਗ 400 ਆਸਾਮੀਆਂ ਖਾਲੀ ਹਨ ਅਤੇ ਨਵੇਂ ਖੋਲੇ ਸਰਕਾਰੀ ਕਾਲਜਾਂ ਵਿਚ 160 ਆਸਾਮੀਆਂ ਖਾਲੀ ਹਨ। ਉਨਾਂ ਕਿਹਾ ਕਿ ਜੇਕਰ ਸਰਕਾਰ ਰੁਜ਼ਗਾਰ ਦੇਣਾ ਚਾਹੁੰਦੀ ਹੈ ਤਾਂ ਸਿਰਫ ਨਿਰੋਲ ਖਾਲੀ ਆਸਾਮੀਆਂ ਦਾ ਇਸ਼ਤਿਹਾਰ ਦੇਵੇ, ਜਿਨਾਂ ’ਤੇ ਕੋਈ ਗੈਸਟ ਫੈਕਲਿਟੀ ਸਹਾਇਕ ਪ੍ਰੋਫੈਸਰ ਕੰਮ ਨਹੀਂ ਕਰ ਰਿਹਾ। ਉਨਾਂ ਮੰਗ ਕੀਤੀ ਕਿ ਇਨਾਂ 962 ਅਧਿਆਪਕਾਂ ਦੀ ਨੌਕਰੀ ਨੂੰ ਸੁਰੱਖਿਅਤ ਕੀਤਾ ਜਾਵੇ ਅਤੇ ਤਨਖਾਹ ਵਿਚ ਵੀ ਵਾਧਾ ਕੀਤਾ ਜਾਵੇ।ੁ
ਟਾਂਡਾ(ਸੁਰਿੰਦਰ ਸਿੰਘ ਗੋਰਾਇਆ): ਇੱਥੇ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਵਿੱਚ ਅੱਜ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ।ਬਲਾਕ ਟਾਂਡਾ ਦੇ ਪ੍ਰਧਾਨ ਪ੍ਰੋਫੈਸਰ ਹਰਮੇਸ਼ ਸਿੰਘ ਦੀ ਅਗਵਾਈ ਵਿੱਚ ਸਮੂਹ ਪ੍ਰੋਫੈਸਰਾਂ ਨੇ ਕਾਲਜ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਦਿੱਤਾ। ਇਸ ਮੌਕੇ ਪ੍ਰਧਾਨ ਪ੍ਰੋ. ਹਰਮੇਸ਼ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਨੂੰ ਰੈਗੂਲਰ ਤੇ ਰਿਜ਼ਰਵ ਕਰਨ ਦੀ ਬਜਾਏ ਪ੍ਰੋਫੈਸਰਾਂ ਦੀਆਂ ਹੋਰ ਅਸਾਮੀਆਂ ਕੱਢ ਦਿੱਤੀਆਂ ਹਨ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਗੈਸਟ ਫੈਕਲਟੀ ਪ੍ਰੋਫੈਸਰਾਂ ਨੂੰ ਰਿਜ਼ਰਵ ਰੱਖਿਆ ਜਾਵੇ। ਇਸ ਮੌਕੇ ਪ੍ਰੋ. ਵਰਿੰਦਰ ਕੁਮਾਰ, ਪ੍ਰੋ. ਵਿਨੈ ਕੁਮਾਰ, ਪ੍ਰੋ. ਅਨਿਲ ਵਿੱਜ, ਪ੍ਰੋ. ਇੰਦਰਜੀਤ ਕੌਰ, ਕੁਲਵਿੰਦਰ ਕੌਰ, ਜਸਪ੍ਰੀਤ ਕੌਰ, ਪ੍ਰੋ. ਰਜਨੀਸ਼ ਕੁਮਾਰੀ, ਡਾ. ਸੋਨੀਆ, ਪ੍ਰੋ. ਕਵਿਤਾ, ਪ੍ਰੋ. ਨਵਦੀਪ ਸਿੰਘ ਅਤੇ ਪ੍ਰੋ. ਸਰਬਜੀਤ ਸਿੰਘ ਮੌਜੂਦ ਸਨ।
ਤਲਵਾੜਾ(ਦੀਪਕ ਠਾਕੁਰ): ਸੂਬੇ ਦੇ ਸਰਕਾਰੀ ਕਾਲਜਾਂ ‘ਚ ਪੜ੍ਹਾਉਂਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਗੈਸਟ ਫ਼ੈਕਲਟੀ ਸਹਾਇਕ ਪ੍ਰੋਫੈਸਰ ਐਸੋਸਿਏਸ਼ਨ ਪੰਜਾਬ ਦੇ ਸੱਦੇ ’ਤੇ ਅੱਜ ਸਮੂਹ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਕੰਮ ਰੋਕ ਕੇ ਕਾਲਜਾਂ ਮੂਹਰੇ ਧਰਨੇ ਦਿੱਤੇ।