ਪੱਤਰ ਪ੍ਰੇਰਕ
ਮੁਕੇਰੀਆਂ, 14 ਅਗਸਤ
ਕੁੱਲ ਹਿੰਦ ਕਿਸਾਨ ਸਭਾ ਵਲੋਂ ਪਿੰਡ ਸਰਿਆਣਾ ਵਿੱਚ ਕਿਸਾਨ ਆਗੂ ਜੈਪਾਲ ਸਿੰਘ ਅਤੇ ਸਰਵਣ ਸਿੰਘ ਦੀ ਅਗਵਾਈ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸਭਾ ਦੇ ਸੂਬਾ ਜੁਆਇੰਟ ਸਕੱਤਰ ਆਸ਼ਾ ਨੰਦ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀ ਸੰਪਤੀ ਵਿਦੇਸ਼ੀ ਬਹੁਕੰਪਨੀਆਂ ਅਤੇ ਆਪਣੇ ਚਹੇਤੇ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਮੋਦੀ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਵਾਪਸ ਲਈਆਂ ਜਾਣ ਨਹੀਂ ਤਾਂ ਸਰਕਾਰ ਨੂੰ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਵਿਜੈ ਸਿੰਘ ਪਸਤਾ, ਸੋਮ ਰਾਜ, ਕੁਲਵਿੰਦਰ ਸਿੰਘ, ਜੋਗਿੰਦਰ ਸਿੰਘ, ਹਰਭਜਨ ਸਿੰਘ ਤੇ ਹਿੰਮਤ ਸਿੰਘ ਆਦਿ ਹਾਜ਼ਰ ਸਨ।
ਪਠਾਨਕੋਟ (ਪੱਤਰ ਪ੍ਰੇਰਕ): ਕਿਸਾਨਾਂ ਦੀਆਂ ਮੰਗਾਂ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬਾਲਮੀਕਿ ਚੌਕ ਵਿਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ ਰੈਲੀ ਕੀਤੀ ਗਈ ਜਿਸ ਦੀ ਪ੍ਰਧਾਨਗੀ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਪ੍ਰੇਮ ਸਿੰਘ, ਜਮਹੂਰੀ ਕਿਸਾਨ ਸਭਾ ਦੇ ਕਾਮਰੇਡ ਬਲਵੰਤ ਸਿੰਘ, ਕਿਰਤੀ ਕਿਸਾਨ ਸਭਾ ਦੇ ਮੁਖਤਿਆਰ ਸਿੰਘ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਸਤਿਆ ਦੇਵ ਸੈਣੀ ਨੇ ਕੀਤੀ। ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਕੇਵਲ ਕਾਲੀਆ, ਚਮਨ ਲਾਲ, ਪ੍ਰਸ਼ੋਤਮ ਕੁਮਾਰ, ਇਕਬਾਲ ਸਿੰਘ, ਅਮਰੀਕ ਸਿੰਘ, ਬਲਦੇਵ ਰਾਜ ਭੋਆ, ਰਘਵੀਰ ਸਿੰਘ ਧਲੌਰੀਆ ਨੇ ਸੰਬੋਧਨ ਕੀਤਾ। ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ ਅਤੇ ਐੱਮਐੱਸਪੀ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇ।