ਪੱਤਰ ਪ੍ਰੇਰਕ
ਪਠਾਨਕੋਟ, 30 ਅਗਸਤ
ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਕਰਨਾਲ ’ਚ ਕਿਸਾਨਾਂ ’ਤੇ ਕੀਤੇ ਤਸ਼ੱਦਦ ਦੇ ਵਿਰੋਧ ਵਿੱਚ ਅੱਜ ਇਥੇ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਪਠਾਨਕੋਟ ਵੱਲੋਂ ਗੁਰਦਿਆਲ ਸਿੰਘ ਸੈਣੀ ਦੀ ਅਗਵਾਈ ’ਚ ਬਾਲਮੀਕੀ ਚੌਕ ਵਿੱਚ ਰੋਸ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਐੱਸਡੀਐੱਮ ਕਰਨਾਲ ਦੇ ਪੁਤਲੇ ਫੂਕੇ ਗਏ। ਰੋਸ ਪ੍ਰਰਦਸ਼ਨ ’ਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਕੇਵਲ ਕ੍ਰਿਸ਼ਨ, ਬਲਵੰਤ ਸਿੰਘ ਘੋਹ, ਕੇਵਲ ਕੰਗ, ਪਿਸ਼ੌਰਾ ਸਿੰਘ, ਜਸਵੰਤ ਸਿੰਘ ਕੋਠੀ ਪ੍ਰੇਮ ਸਿੰਘ, ਮੰਗਤ ਸੈਣੀ ਆਦਿ ਆਗੂ ਸ਼ਾਮਲ ਹੋਏ ਤੇ ਇਨ੍ਹਾਂ ਆਗੂਆਂ ਨੇ ਪੁਲੀਸ ਵੱਲੋਂ ਕਿਸਾਨਾਂ ’ਤੇ ਕੀਤੇ ਅੰਨ੍ਹੇਵਾਹ ਲਾਠੀਚਾਰਜ ਦੀ ਨਿੰਦਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਐੱਸਡੀਐੱਮ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।
ਕੇਂਦਰ ਅਤੇ ਹਰਿਆਣਾ ਸਰਕਾਰ ਵਿਰੁੱਧ ਅਕਾਲੀ ਵਰਕਰਾਂ ਵੱਲੋਂ ਪ੍ਰਦਰਸ਼ਨ
ਅਜਨਾਲਾ (ਪੱਤਰ ਪ੍ਰੇਰਕ) ਭਾਜਪਾ ਦੀ ਅਗਵਾਈ ਵਾਲੀ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਡਾਂਗਾਂ ਦੇ ਜ਼ੋਰ ’ਤੇ ਦਬਾਉਣ ਦੀ ਨੀਤੀ ਤਹਿਤ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ’ਤੇ ਲਾਠੀਆਂ ਵਰ੍ਹਾਉਣ ਤੇ ਸਿਰ ਪਾੜਨ ਦਾ ਹੁਕਮ ਦੇਣ ਵਾਲੇ ਐੱਸਡੀਐੱਮ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਮੋਦੀ-ਖੱਟਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਬੋਨੀ ਅਜਨਾਲਾ ਨੇ ਕਿਹਾ ਕਿ ਭਾਜਪਾ ਦੇ ਦਾਅਵਿਆਂ ਦੇ ਉਲਟ ਸਰਕਾਰ ਨੇ ਆਪਣਾ ਕਿਸਾਨ ਵਿਰੋਧੀ ਚਿਹਰਾ ਨੰਗਾ ਕੀਤਾ ਹੈ ਕਿਉਂਕਿ ਮੋਦੀ ਤੇ ਖੱਟੜ ਸਰਕਾਰ ਕਿਸਾਨੀ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਠੰਢੇ ਬਸਤੇ ’ਚ ਰੱਖ ਕੇ ਕਿਸਾਨਾਂ ਦੀ ਆਵਾਜ਼ ਦਬਾਉਣ ਦੀ ਨੀਤੀ ਤਹਿਤ ਕੰਮ ਕਰ ਰਹੀ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹਮੇਸ਼ਾ ਹੀ ਕਿਸਾਨ ਪੱਖੀ ਰਿਹਾ ਹੈ ਤੇ ਕਿਸਾਨੀ ਸੰਘਰਸ਼ ਦੇ ਘੋਲ ਵਿੱਚ ਕਿਸਾਨਾਂ ਨਾਲ ਡੱਟ ਕੇ ਖੜ੍ਹਾ ਹੈ। ਉਨ੍ਹਾਂ ਮੰਗ ਕੀਤੀ ਕਿ ਤਿੰਨੇ ਖੇਤੀ ਵਿਰੋਧੀ ਕਾਨੂੰਨ ਰੱਦ ਕੀਤੇ ਜਾਣ, ਕਿਸਾਨਾਂ ’ਤੇ ਤਸ਼ੱਦਦ ਦੇ ਜ਼ਿੰਮੇਵਾਰ ਐੱਸਡੀਐੱਮ ਨੂੰ ਬਰਖਾਸਤ ਕੀਤਾ ਜਾਵੇ ਤੇ ਕਿਸਾਨਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣ।
ਕਿਸਾਨਾਂ ’ਤੇ ਹੋਏ ਤਸ਼ੱਦਦ ਵਿਰੁੱਧ ਹੁਸ਼ਿਆਰਪੁਰ ’ਚ ਦੋ ਘੰਟੇ ਚੱਕਾ ਜਾਮ
ਹੁਸ਼ਿਆਰਪੁਰ (ਪੱਤਰ ਪ੍ਰੇਰਕ) ਸੂਬਾ ਸਰਕਾਰਾਂ ਦੇ ਇਸ਼ਾਰੇ ’ਤੇ ਹਰਿਆਣਾ ਤੇ ਜੱਲਿਆਂਵਾਲਾ ਬਾਗ ਅੰਮਿਤਸਰ ਵਿੱਚ ਕਿਸਾਨਾਂ ’ਤੇ ਹੋਏ ਤਸ਼ੱਦਦ ਦੇ ਵਿਰੋਧ ’ਚ ਆਜ਼ਾਦ ਕਿਸਾਨ ਕਮੇਟੀ ਦੋਆਬਾ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਸੰਘਾ ਦੀ ਅਗਵਾਈ ਵਿੱਚ ਸਮੂਹ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ’ਤੇ ਪੁਰਹੀਰਾਂ ਚੌਕ ਫਗਵਾੜਾ ਰੋਡ ’ਤੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਪੂਰਨ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਸ੍ਰੀ ਸੰਘਾ ਨੇ ਕਿਹਾ ਕਿ ਸਰਕਾਰਾਂ ਜਿੰਨਾਂ ਕਿਸਾਨਾਂ ’ਤੇ ਜੁਲਮ ਕਰਨਗੀਆਂ, ਕਿਸਾਨ ਉਸ ਤੋਂ ਵੀ ਵੱਧ ਮਜਬੂਤ ਹੋ ਕੇ ਇਸ ਸੰਘਰਸ਼ ਨੂੰ ਜਿੱਤਣਗੇ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਿੰਦਰ ਸਿੰਘ ਆਜ਼ਾਦ ਨੇ ਮੰਗ ਕੀਤੀ ਕਿ ਕਿਸਾਨਾਂ ’ਤੇ ਤਸ਼ੱਦਦ ਕਰਨ ਵਾਲੇ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾਵੇ। ਉਨ੍ਹਾਂ ਸਪਸ਼ਟ ਕੀਤਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਦੇ ਰੱਦ ਹੋਣਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦੇ ਕਾਨੂੰਨ ਬਣਨ ਤੱਕ ਇਹ ਸੰਘਰਸ਼ ਜਾਰੀ ਰਹੇਗਾ।
ਅਟਾਰੀ (ਪੱਤਰ ਪ੍ਰੇਰਕ) ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਉਲੀ ਸਾਹਿਬ ਵੱਲੋਂ ਕਰਨਾਲ ’ਚ ਕਿਸਾਨਾਂ ’ਤੇ ਹੋਏ ਤਸ਼ੱਦਦ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਸਾਨਾਂ-ਮਜ਼ਦੂਰਾਂ ਨੇ ਸਰਹੱਦੀ ਪਿੰਡ ਰਾਜਾਤਾਲ ਵਿੱਚ ਕੇਂਦਰ ਸਰਕਾਰ ਤੇ ਖੱਟਰ ਸਰਕਾਰ ਦੇ ਪੁਤਲੇ ਫੂਕੇ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ੋਨ ਪ੍ਰਧਾਨ ਗੁਰਵਿੰਦਰ ਸਿੰਘ ਭਰੋਭਾਲ, ਪ੍ਰਧਾਨ ਕੁਲਵੰਤ ਸਿੰਘ ਰਾਜਾਤਾਲ ਨੇ ਸ਼ਾਂਤਮਈ ਰੋਸ ਪ੍ਰਟਾਅ ਰਹੇ ਕਿਸਾਨਾਂ ’ਤੇ ਕਰਨਾਲ ਸਥਿਤ ਘਰੌਂਡਾ ਟੌਲ ਪਲਾਜ਼ਾ ’ਤੇ ਖੱਟਰ ਸਰਕਾਰ ਦੀ ਪੁਲੀਸ ਵੱਲੋਂ ਕੀਤੇ ਗਏ ਵਹਿਸ਼ੀਆਨਾ ਲਾਠੀਚਾਰਜ ਦੀ ਨਿਖੇਧੀ ਕੀਤੀ।
ਬਲਾਚੌਰ (ਗੁਰਦੇਵ ਸਿੰਘ ਗਹੂੰਣ) ਬੀਤੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਸ਼ਾਂਤੀਪੂਰਵਕ ਵਿਰੋਧ ਕਰਨ ਸਮੇਂ ਕਰਨਾਲ ’ਚ ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ’ਤੇ ਕੀਤੇ ਗਏ ਵਹਿਸ਼ੀਆਨਾ ਲਾਠੀਚਾਰਜ ਖ਼ਿਲਾਫ਼ ਟੌਲ ਪਲਾਜ਼ਾ ਮਜਾਰੀ ਵਿੱਚ ਬਲਾਚੌਰ ਹਲਕੇ ਦੇ ਕਿਸਾਨਾਂ ਵੱਲੋਂ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਜਸਪਾਲ ਸਿੰਘ ਜਾਡਲੀ, ਕੈਪਟਨ ਰਘਵੀਰ ਸਿੰਘ ਅਤੇ ਬਹਾਦਰ ਸਿੰਘ ਕੌਲਗੜ੍ਹ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਵਿਰੋਧ ਕਰਨਾ ਕਿਸਾਨਾਂ ਦਾ ਜਮਹੂਰੀ ਹੱਕ ਹੈ, ਜਿਸ ਨੂੰ ਕੇਂਦਰ ਦੀ ਮੋਦੀ ਸਰਕਾਰ ਤੇ ਹਰਿਆਣਾ ਦੀ ਖੱਟਰ ਸਰਕਾਰ ਦਬਾਅ ਨਹੀਂ ਸਕਦੀ।
ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਟਾਂਡਾ ਵੱਲੋਂ ਖੱਟੜ ਸਰਕਾਰ ਦੇ ਇਸ਼ਾਰੇ ’ਤੇ ਕਰਨਾਲ ’ਚ ਹੋਏ ਅੰਨ੍ਹੇ ਤਸ਼ੱਦਦ ਦੇ ਰੋਸ ’ਚ ਅੱਜ ਗੋਇੰਦਵਾਲ ਚੌਕ ਉੱਤੇ ਮੋਰਚਾ ਲਾਇਆ ਗਿਆ ਅਤੇ ਖੱਟੜ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਮੋਰਚੇ ਦੀ ਪ੍ਰਧਾਨਗੀ ਜਵਾਹਰ ਸਿੰਘ, ਕੁਲਵੰਤ ਸਿੰਘ, ਬਚਿੱਤਰ ਸਿੰਘ ਨੇ ਕਰਦਿਆ ਕਿਹਾ ਕਿ ਪਿਛਲੇ ਦਿਨੀਂ ਹਰਿਆਣਾ ਸਰਕਾਰ ਨੇ ਕਿਸਾਨਾ ਉੱਪਰ ਲਾਠੀ ਚਾਰਜ ਕਰਕੇ ਕਿਸਾਨਾਂ ਦੇ ਸਿਰ ਪਾੜੇ ਤੇ ਲੱਤਾਂ-ਬਾਹਾਂ ਤੋੜੀਆਂ। ਜਿਸ ਵਿੱਚ ਇਕ ਕਿਸਾਨ ਦੀ ਮੌਤ ਵੀ ਹੋ ਗਈ। ਇਸ ਲਾਠੀ ਚਾਰਜ ਦੌਰਾਨ ਕਰਨਾਲ (ਹਰਿਆਣਾ) ਦੇ ਐੱਸਐੱਚਓ ਨੂੰ ਕਿਸਾਨਾਂ ’ਤੇ ਹਮਲਾ ਕਰਦੇ ਪਾਇਆ ਗਿਆ। ਜਿਸ ’ਚ ਕਿਸਾਨ ਸੁਸ਼ੀਲ ਕਾਜਲਾ ਜੀ ਦੀ ਮੌਤ ਹੋ ਗਈ। ਜਥੇਬੰਦੀ ਦਾ ਕਹਿਣਾ ਹੈ ਕਿ ਇਸ ਵਰਤਾਰੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਐੱਸਐੱਚਓ ਤੇ ਐੱਸਡੀਐਮ ਖ਼ਿਲਾਫ਼ ਕਾਨੂੰਨੀ ਕਾਰਵਾਹੀ ਕੀਤੀ ਜਾਏ ਅਤੇ ਇਨ੍ਹਾਂ ਨੂੰ ਬਰਖਾਸਤ ਕੀਤਾ ਜਾਵੇ।
ਸ਼ਾਹਕੋਟ (ਪੱਤਰ ਪ੍ਰੇਰਕ) ਹਰਿਆਣਾ ਸਰਕਾਰ ਵੱਲੋਂ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਕਿਸਾਨਾਂ ਉੱਪਰ ਬੇਤਹਾਸਾ ਲਾਠੀਚਾਰਜ ਕਰਕੇ ਕਿਸਾਨਾਂ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰਨ ਤੇ ਇਕ ਕਿਸਾਨ ਨੂੰ ਸ਼ਹੀਦ ਕੀਤੇ ਜਾਣ ’ਤੇ ਦੇਸ਼ ਦੇ ਸਮੁੱਚੇ ਕਿਸਾਨਾਂ ਦਾ ਗੁੱਸਾ ਵਧ ਗਿਆ ਹੈ। ਪੰਜਾਬ ਦੀਆਂ ਅਨੇਕਾਂ ਕਿਸਾਨ ਜਥੇਬੰਦੀਆਂ ਨੇ ਅੱਜ ਵੀ ਪਿੰਡਾਂ ਤੇ ਕਸਬਿਆਂ ’ਚ ਰੋਸ ਮੁਜ਼ਾਹਰੇ ਕਰਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਕਿਸਾਨ ਜਥੇਬੰਦੀਆਂ ਨੇ ਆਪਣਾ ਰੋਸ ਜਾਹਰ ਕਰਦਿਆਂ ਲਾਠੀਚਾਰਜ ਕਰਨ ਦੇ ਹੁਕਮ ਦੇਣ ਵਾਲੇ ਐੱਸਡੀਐੱਮ ਤੇ ਉਨ੍ਹਾਂ ਦੇ ਹੁਕਮਾਂ ’ਤੇ ਫੁੱਲ ਚੜ੍ਹਾਉਣ ਵਾਲੇ ਡੀਐੱਸਪੀ ਤੇ ਐੱਸਐੱਚਓ ਉੱਪਰ 302 ਦਾ ਕੇਸ ਦਰਜ ਕਰਕੇ ਡਿਸਮਿਸ ਕਰਨ ਦੀ ਮੰਗ ਕੀਤੀ।
ਫਗਵਾੜਾ (ਪੱਤਰ ਪ੍ਰੇਰਕ) ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀ ਮੀਟਿੰਗ ਫਗਵਾੜਾ ਵਿੱਚ ਹੋਈ ਜਿਸ ’ਚ ਵੱਡੀ ਗਿਣਤੀ ’ਚ ਕਿਸਾਨ ਸ਼ਾਮਲ ਹੋਏ। ਇਸ ਮੌਕੇ ਆਗੂਆਂ ਨੇ ਕਰਨਾਲ ’ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਿਆਸੀ ਪ੍ਰੋਗਰਾਮਾਂ ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਹਰਿਆਣਾ ਪੁਲੀਸ ਵੱਲੋਂ ਕੀਤੇ ਤਸ਼ੱਦਦ ਦੀ ਸਖ਼ਤ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਇਸ ਘਟਨਾ ਲਈ ਜ਼ਿੰਮੇਵਾਰ ਅਫ਼ਸਰਾਂ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਸ਼ਾਂਤਮਈ ਤਰੀਕੇ ਨਾਲ ਸਫ਼ਲਤਾ ਵੱਲ ਵਧ ਰਿਹਾ ਹੈ ਜਿਸ ਕਾਰਨ ਕੇਂਦਰ ਦੀ ਭਾਜਪਾ ਸਰਕਾਰ ਬੁਖਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨਾਲ ਅਜਿਹਾ ਵਿਵਹਾਰ ਦੇਸ਼ ਦੇ ਅੰਨਦਾਤਾ ਦਾ ਅਪਮਾਨ ਹੈ ਜਿਸ ਨੂੰ ਕਿਸਾਨ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਕਿਸਾਨ ਜਥੇਬੰਦੀਆਂ ਇਸ ਦਾ ਇੱਕਜੁੱਟ ਹੋ ਕੇ ਜੁਆਬ ਦੇਣਗੀਆਂ।