ਪੱਤਰ ਪ੍ਰੇਰਕ
ਤਰਨ ਤਾਰਨ, 2 ਨਵੰਬਰ
ਸੂਬੇ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਬਲਦੀਆਂ ਦੀ ਨੀਤੀ ਨੂੰ ਪੂਰੇ ਤੌਰ ’ਤੇ ਅੱਖੋਂ ਪਰੋਖੇ ਕਰਕੇ ਚਹੇਤੇ ਅਧਿਆਪਕਾਂ ਦੀਆਂ ਬਦਲੀਆਂ ਮਨਚਾਹੇ ਥਾਵਾਂ ’ਤੇ ਕਰਨ ਦੀ ਨਿਖੇਧੀ ਕਰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸਥਾਨਕ ਜ਼ਿਲ੍ਹਾ ਇਕਾਈ ਵੱਲੋਂ ਅੱਜ ਇਥੇ ਰੋਸ ਵਿਖਾਵਾ ਕੀਤਾ| ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ, ਜਨਰਲ ਸਕੱਤਰ ਕਸ਼ਮੀਰ ਸਿੰਘ ਚੋਹਲਾ, ਪ੍ਰਤਾਪ ਸਿੰਘ ਠਠਗੜ੍ਹ, ਕਵਰਦੀਪ ਸਿੰਘ ਢਿੱਲੋਂ ਨੇ ਸੰਬੋਧਨ ਕੀਤਾ| ਬੁਲਾਰਿਆਂ ਇਕ ਜੱਜ ਦੀ ਅਧਿਆਪਕ ਪਤਨੀ ਦੀ ਬਦਲੀ ‘ਖਾਸ’ ਥਾਂ ’ਤੇ ਕਰਨ ਦੀ ਨਿਖੇਧੀ ਤੇ ਸਾਲਾਂ ਤੋਂ ਆਪਣੇ ਘਰੋਂ ਤੋਂ ਦੂਰ ਦੁਰੇਡੇ ਥਾਵਾਂ ਤੇ ਸੇਵਾ ਕਰਦੇ ਅਧਿਆਪਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਤਬਦੀਲ ਕਰਨ ਦੀ ਮੰਗ ਕੀਤੀ| ਆਗੂਆਂ ਨੇ ਖਾਲੀ ਅਸਾਮੀਆਂ ਭਰਨ ਦੀ ਮੰਗ ਵੀ ਕੀਤੀ|
ਅੰਮ੍ਰਿਤਸਰ (ਪੱਤਰ ਪ੍ਰੇਰਕ): ਡੀਟੀਐੱਫ ਦੇ ਸੂਬਾ ਵਿੱਤ ਸਕੱਤਰ-ਕਮ-ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਅਸ਼ਵਨੀ ਅਵਸਥੀ, ਡੀ.ਐਮ.ਐੱਫ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨੇ ਕਿਹਾ ਕਿ ‘ਆਪ’ ਸਰਕਾਰ ਨੇ ਪਿਛਲੀਆਂ ਸਰਕਾਰਾਂ ਵਾਂਗ ਆਪਣੇ ਚਹੇਤਿਆਂ ਨੂੰ ਮਨਚਾਹੇ ਸਟੇਸ਼ਨ ਦੇਣ ਲਈ ਬਦਲੀ ਨੀਤੀ ‘ਟੀਚਰਜ਼ ਟਰਾਂਸਫਰ ਨੀਤੀ 2019’ ਦੀਆਂ ਧੱਜੀਆਂ ਉਡਾਈਆਂ ਹਨ। ਇਸ ਕਰਕੇ ਬਦਲੀਆਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।
‘ਆਪ’ ਵੀ ਪਿਛਲੀਆਂ ਸਰਕਾਰਾਂ ਦੇ ਨਕਸ਼ੇ ਕਦਮਾਂ ’ਤੇ ਚੱਲੀ: ਸ਼ਰਮਾ
ਸ਼ਾਹਕੋਟ (ਪੱਤਰ ਪ੍ਰੇਰਕ): ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਦਿੱਗਵਿਜੈ ਪਾਲ ਸ਼ਰਮਾ ਤੇ ਜਨਰਲ ਸਕੱਤਰ ਸਰਵਨ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਨਲਾਈਨ ਬਦਲੀਆਂ ਦੀ ਬਣਾਈ ਨੀਤੀ ਨੂੰ ਦਰਕਿਨਾਰ ਕਰਦਿਆਂ ਨੌਕਰਸ਼ਾਹੀ ’ਚ ਵਿਸ਼ੇਸ਼ ਪ੍ਰਭਾਵ ਰੱਖਣ ਵਾਲਿਆਂ ਦੀਆਂ ਬਦਲੀਆਂ ਕਰਕੇ ਤੇ ਆਪਣੇ ਕੁਝ ਖਾਸ ਚਹੇਤਿਆਂ ਨੂੰ ਡੈਪੂਟੇਸ਼ਨ ਲਾ ਕੇ ਦਰਸਾ ਦਿੱਤਾ ਹੈ ਕਿ ਉਹ ਵੀ ਪਹਿਲੀਆਂ ਸਰਕਾਰਾਂ ਦੇ ਕਦਮਾਂ ’ਤੇ ਹੀ ਚੱਲੇਗੀ। ਉਨ੍ਹਾਂ ਕਿਹਾ ਕਿ ਇੱਕ ਜੱਜ ਦੀ ਪਤਨੀ ਦੀ ਜਲੰਧਰ ਤੋਂ ਹੁਸ਼ਿਆਰਪੁਰ ਦੀ ਕੀਤੀ ਬਦਲੀ ਤੇ ਤਰਨ ਤਾਰਨ ਤੋਂ ਇਕ ਅਧਿਆਪਕਾ ਦਾ ਮਾਨਸਾ, ਇੱਕ ਦਾ ਫਰੀਦਕੋਟ ਤੇ ਇੱਕ ਅਧਿਆਪਕ ਦਾ ਡਾਈਟ ਬੁਢਲਾਡਾ ਤੋਂ ਸਰਕਾਰੀ ਹਾਈ ਸਕੂਲ ਮੱਲ ਸਿੰਘ ਵਾਲਾ ਤੇ ਇੱਕ ਦਾ ਡਾਈਟ ਸੰਗਰੂਰ ਤੋਂ ਮਾਸਟਰ ਕਰਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਗੜ੍ਹ (ਲੜਕੇ) ਸੰਗਰੂਰ ’ਚ ਆਰਜ਼ੀ ਡਿਊਟੀ ਲਗਾਉਣਾ ਇਸ ਦੀਆਂ ਸਪੱਸ਼ਟ ਉਦਾਹਰਨਾਂ ਹਨ।