ਐੱਨ.ਪੀ ਧਵਨ
ਪਠਾਨਕੋਟ, 4 ਅਕਤੂਬਰ
ਪਿੰਡ ਕਾਹਨਪੁਰ ਵਿੱਚ ਸਰਕਾਰੀ ਸਕੂਲ ਨਾਲ ਖੁੱਲ੍ਹੇ ਵਿੱਚ ਵਗਦੇ ਗੰਦੇ ਨਾਲੇ ਨੂੰ ਲੈ ਕੇ ਸਾਬਕਾ ਸਰਪੰਚ ਠਾਕੁਰ ਉਂਕਾਰ ਸਿੰਘ ਦੀ ਅਗਵਾਈ ਵਿੱਚ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰਨ ਵਾਲੇ ਸੁਰਿੰਦਰ ਸਿੰਘ, ਸਤਪਾਲ ਸਿੰਘ, ਜਗਮੋਹਨ ਸਿੰਘ, ਪ੍ਰਕਾਸ਼ ਚੰਦ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਸਰਕਾਰ ਵੱਲੋਂ ਇੱਕ ਨਾਲਾ ਬਣਾਇਆ ਗਿਆ ਸੀ, ਇਸ ਵਿੱਚ ਪੂਰੇ ਪਿੰਡ ਦਾ ਗੰਦਾ ਪਾਣੀ ਵਗਦਾ ਹੈ। 2 ਸਾਲ ਪਹਿਲਾਂ ਪੰਚਾਇਤ ਨੇ ਨਾਲੇ ਨੂੰ ਇਹ ਕਹਿ ਕੇ ਪੁੱਟ ਦਿੱਤਾ ਸੀ ਕਿ ਇਸ ਨਾਲੇ ਨੂੰ ਵੱਡਾ ਬਣਾਇਆ ਜਾਵੇਗਾ ਪਰ ਹਾਲੇ ਤੱਕ ਨਾਲੇ ਨੂੰ ਵੱਡਾ ਨਹੀਂ ਕੀਤਾ ਗਿਆ। ਨਾਲੇ ਵਿੱਚ ਖੜ੍ਹੇ ਪਾਣੀ ਨੇ ਚਿੱਕੜ ਦਾ ਰੂਪ ਧਾਰਨ ਕਰ ਲਿਆ ਹੈ।
ਉਨ੍ਹਾਂ ਪੰਚਾਇਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਪਿੰਡ ਵੱਲ ਧਿਆਨ ਦੇ ਕੇ ਗੰਦੇ ਨਾਲੇ ਨੂੰ ਪੱਕਾ ਕਰਵਾਇਆ ਜਾਵੇ ਅਤੇ ਸਫ਼ਾਈ ਕਰਵਾਈ ਜਾਵੇ।
ਇਸ ਸਬੰਧੀ ਪਿੰਡ ਦੇ ਸਰਪੰਚ ਪ੍ਰੀਤਮ ਚੰਦ ਨੇ ਦੱਸਿਆ ਕਿ ਬਜਟ ਦੀ ਘਾਟ ਕਾਰਨ ਇਹ ਕੰਮ ਲਮਕ ਗਿਆ ਹੈ ਜਦੋਂ ਵੀ ਸਰਕਾਰ ਵੱਲੋਂ ਗਰਾਂਟ ਆ ਗਈ ਤਾਂ ਨਾਲੇ ਦਾ ਕੰਮ ਪਹਿਲ ਦੇ ਆਧਾਰ ਉੱਤੇ ਕਰਵਾਇਆ ਜਾਵੇਗਾ।