ਐੱਨਪੀ ਧਵਨ
ਪਠਾਨਕੋਟ, 15 ਮਾਰਚ
ਦੇਸ਼ ਭਰ ਵਿੱਚ ਅੱਜ ‘ਨਿੱਜੀਕਰਨ ਅਤੇ ਕਾਰਪੋਰੇਟ ਵਿਰੋਧੀ ਦਿਵਸ’ ਵਜੋਂ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਪਠਾਨਕੋਟ ਅੱਗੇ ਰੋਸ ਰੈਲੀ ਕੀਤੀ ਗਈ। ਇਸ ਰੈਲੀ ਰਾਹੀਂ ਆਗੂਆਂ ਨੇ ਮੰਗ ਕੀਤੀ ਕਿ ਡੀਜ਼ਲ, ਪੈਟਰੋਲ, ਰਸੋਈ ਗੈਸ ਦੀਆਂ ਵੱਧ ਰਹੀਆਂ ਕੀਮਤਾਂ ’ਤੇ ਕਾਬੂ ਪਾਇਆ ਜਾਵੇ, ਰੇਲਵੇ, ਬੈਂਕਾਂ, ਐੱਲਆਈਸੀ ਸਮੇਤ 60 ਦੇ ਕਰੀਬ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਤੁਰੰਤ ਰੋਕਿਆ ਜਾਵੇ, ਲੇਬਰ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਫੈਸਲਿਆਂ ਨੂੰ ਵਾਪਸ ਲਿਆ ਜਾਵੇ। ਇਸ ਬਾਰੇ ਮੰਗ ਪੱਤਰ ਐਸਡੀਐਮ ਪਠਾਨਕੋਟ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭੇਜਿਆ ਗਿਆ।
ਨਵਾਂਸ਼ਹਿਰ (ਲਾਜਵੰਤ ਸਿੰਘ): ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵੱਲੋਂ ਨਿੱਜੀਕਰਨ ਅਤੇ ਕਾਰਪੋਰੇਟ ਵਿਰੋਧੀ ਦਿਵਸ ਦਿਵਸ ਮਨਾਉਂਦਿਆਂ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ। ਇਸ ਵਫ਼ਦ ਵਿੱਚ ਸੰਯੁਕਤ ਮੋਰਚਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਗੂਆਂ ਅਤੇ ਟਰੇਡ ਯੂਨੀਅਨ ਆਗੂਆਂ ਜਸਬੀਰ ਦੀਪ, ਕੁਲਦੀਪ ਸਿੰਘ ਸੁੱਜੋਂ, ਗੁਰਦਿਆਲ ਰੱਕੜ, ਗੁਰਬਖਸ਼ ਕੌਰ ਸੰਘਾ, ਬੂਟਾ ਸਿੰਘ ਮਹਿਮੂਦਪੁਰ ਅਤੇ ਅਸ਼ੋਕ ਕੁਮਾਰ ਸ਼ਾਮਲ ਸਨ।
ਮਜੀਠਾ (ਲਖਨਪਾਲ ਸਿੰਘ): ਬੀਕੇਯੂ ਏਕਤਾ ਉਗਰਾਹਾਂ ਵੱਲੋਂ ਅੱਜ ਤੇਲ ਤੇ ਰਸੋਈ ਕੀਮਤਾਂ ਦੇ ਵਾਧੇ ਖ਼ਿਲਾਫ਼ ਇੱਥੇ ਸਬ ਡਵੀਜ਼ਨ ਮਜੀਠਾ ਕੰਪਲੈਕਸ ਵਿੱਚ ਪ੍ਰਦਰਸ਼ਨ ਕੀਤਾ ਗਿਆ। ਰੋਸ ਮੁਜਾਹਰਾ ਕਰਕੇ ਮੋਦੀ ਤੇ ਕੈਪਟਨ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਐੱਸਡੀਐੱਮ ਨੂੰ ਮੰਗ ਪੱਤਰ ਦਿੱਤਾ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਦਰਸ਼ਨ ਸਿੰਘ ਮੱਟੂ, ਕਿਰਤੀ ਕਿਸਾਨ ਯੂਨੀਅਨ ਆਗੂ ਕੁਲਵਿੰਦਰ ਚਾਹਲ ਦੀ ਅਗਵਾਈ ਵਿੱਚ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ, ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਾਧੇ ਖ਼ਿਲਾਫ਼ ਐੱਸਡੀਐੱਮ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਿਆ ਗਿਆ।